ਫ਼ਰੀਦਕੋਟ ਸਟੇਸ਼ਨ ’ਤੇ ਵੰਦੇ ਭਾਰਤ ਐਕਸਪ੍ਰੈੱਸ ਦੇ ਸਮੇਂ ''ਚ ਤਬਦੀਲੀ, 9 ਮਾਰਚ ਤੋਂ ਲਾਗੂ ਹੋਣਗੇ ਨਵੇਂ ਨਿਯਮ
Monday, Jan 19, 2026 - 03:55 PM (IST)
ਫਿਰੋਜ਼ਪੁਰ (ਰਾਜੇਸ਼) : ਰੇਲਵੇ ਵਿਭਾਗ ਵੱਲੋਂ ਮੁਸਾਫ਼ਰਾਂ ਦੀ ਸਹੂਲਤ ਅਤੇ ਕੁੱਝ ਜ਼ਰੂਰੀ ਸੰਚਾਲਨ ਕਾਰਨਾਂ ਨੂੰ ਮੁੱਖ ਰੱਖਦਿਆਂ ਦਿੱਲੀ-ਫ਼ਿਰੋਜ਼ਪੁਰ ਰੂਟ ’ਤੇ ਚੱਲਣ ਵਾਲੀ ਪ੍ਰਸਿੱਧ ਵੰਦੇ ਭਾਰਤ ਐਕਸਪ੍ਰੈੱਸ ਦੇ ਫ਼ਰੀਦਕੋਟ ਸਟੇਸ਼ਨ ’ਤੇ ਰੁਕਣ ਦੇ ਸਮੇਂ 'ਚ ਅਹਿਮ ਸੋਧ ਕੀਤੀ ਗਈ ਹੈ। ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ ਇਹ ਤਬਦੀਲੀ 19 ਮਾਰਚ 2026 ਤੋਂ ਪ੍ਰਭਾਵਸ਼ਾਲੀ ਹੋਵੇਗੀ। ਸਮੇਂ ਦੀ ਸੂਚੀ 'ਚ ਕੀਤੇ ਗਏ ਬਦਲਾਅ ਨਵੀਂ ਜਾਣਕਾਰੀ ਅਨੁਸਾਰ ਟਰੇਨ ਨੰਬਰ 26461 (ਦਿੱਲੀ ਜੰਕਸ਼ਨ-ਫ਼ਿਰੋਜ਼ਪੁਰ ਕੈਂਟ ਵੰਦੇ ਭਾਰਤ ਐਕਸਪ੍ਰੈੱਸ) ਹੁਣ ਆਪਣੇ ਪੁਰਾਣੇ ਸਮੇਂ ਦੀ ਬਜਾਏ ਕੁੱਝ ਮਿੰਟ ਪਹਿਲਾਂ ਫ਼ਰੀਦਕੋਟ ਸਟੇਸ਼ਨ ’ਤੇ ਪਹੁੰਚੇਗੀ।
ਉਨ੍ਹਾਂ ਦੱਸਿਆ ਕਿ ਪੁਰਾਣਾ ਸਮਾਂ ਨਵਾਂ ਸਮਾਂ 19 ਮਾਰਚ 2026 ਤੋਂ ਰਾਤ 22.03 ਵਜੇ ਤੇ ਨਵਾਂ ਸਮਾਂ ਰਾਤ 21.58 ਵਜੇ, ਸਟੇਸ਼ਨ ਤੋਂ ਰਵਾਨਗੀ ਪੁਰਾਣਾ ਸਮਾਂ ਰਾਤ 22.05 ਵਜੇ ਅਤੇ ਨਵਾਂ ਸਮਾਂ ਰਾਤ 22 ਵਜੇ ਹੈ। ਇਸ ਬਦਲਾਅ ਤੋਂ ਸਪੱਸ਼ਟ ਹੈ ਕਿ ਟਰੇਨ ਹੁਣ ਫ਼ਰੀਦਕੋਟ ਸਟੇਸ਼ਨ ’ਤੇ ਪਹਿਲਾਂ ਵਾਂਗ 2 ਮਿੰਟ ਲਈ ਹੀ ਰੁਕੇਗੀ, ਪਰ ਇਸ ਦੇ ਪਹੁੰਚਣ ਅਤੇ ਚੱਲਣ ਦਾ ਸਮਾਂ ਹੁਣ 5 ਮਿੰਟ ਪਹਿਲਾਂ ਕਰ ਦਿੱਤਾ ਗਿਆ ਹੈ।
ਯਾਤਰੀਆਂ ਲਈ ਵਿਸ਼ੇਸ਼ ਹਦਾਇਤਾਂ ਰੇਲਵੇ ਪ੍ਰਸ਼ਾਸਨ ਨੇ ਸਮੂਹ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਵੇਲੇ ਇਸ ਨਵੇਂ ਸਮੇਂ ਦਾ ਖਾਸ ਧਿਆਨ ਰੱਖਣ। ਖਾਸ ਕਰਕੇ ਜਿਹੜੇ ਮੁਸਾਫ਼ਰ ਫ਼ਰੀਦਕੋਟ ਤੋਂ ਫ਼ਿਰੋਜ਼ਪੁਰ ਵੱਲ ਜਾਣ ਲਈ ਇਸ ਟਰੇਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਹੁਣ ਸਟੇਸ਼ਨ ’ਤੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪਹੁੰਚਣਾ ਪਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਯਾਤਰੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਜਾਂ ਪੁੱਛਗਿੱਛ ਨੰਬਰ 139 ਦੀ ਵਰਤੋਂ ਕਰ ਸਕਦੇ ਹਨ।
