ਸ਼ੁਭਮਨ ਗਿੱਲ ਪੁੱਜਾ ਆਪਣੇ ਜੱਦੀ ਪਿੰਡ ਜੈਮਲਵਾਲਾ; ਬੱਚਿਆਂ ਨੂੰ ਵੰਡੀਆਂ ਕਿੱਟਾਂ ਤੇ ਸਿਖਾਏ ਕ੍ਰਿਕਟ ਦੇ ਗੁਰ
Saturday, Feb 28, 2026 - 06:15 PM (IST)
ਜਲਾਲਾਬਾਦ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਸਥਿਤ ਆਪਣੇ ਜੱਦੀ ਪਿੰਡ ਜੈਮਲਵਾਲਾ ਪਹੁੰਚੇ। ਪਿੰਡ ਦੇ ਖੇਡ ਸਟੇਡੀਅਮ ਵਿੱਚ ਪਹੁੰਚ ਕੇ ਉਨ੍ਹਾਂ ਨੇ ਪਿੰਡ ਵਾਸਿਆਂ, ਬੱਚਿਆਂ ਅਤੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ।
ਬੱਚਿਆਂ ਨਾਲ ਖੇਡਿਆ ਕ੍ਰਿਕਟ ਅਤੇ ਦਿੱਤੀਆਂ ਕਿੱਟਾਂ
ਸ਼ੁਭਮਨ ਗਿੱਲ ਨੇ ਪਿੰਡ ਦੇ ਦੌਰੇ ਦੌਰਾਨ ਖੇਡ ਮੈਦਾਨ ਵਿੱਚ ਬੱਚਿਆਂ ਨੂੰ ਕ੍ਰਿਕਟ ਖੇਡਣ ਦੇ ਗੁਰ ਸਿਖਾਏ ਅਤੇ ਉਨ੍ਹਾਂ ਨੂੰ ਕ੍ਰਿਕਟ ਕਿੱਟਾਂ ਦੇ ਨਾਲ-ਨਾਲ ਹੋਰ ਜ਼ਰੂਰੀ ਖੇਡ ਸਮਾਨ ਵੀ ਮੁਹੱਈਆ ਕਰਵਾਇਆ। ਮੈਦਾਨ ਵਿੱਚ ਬੱਚਿਆਂ ਅਤੇ ਪਿੰਡ ਵਾਸਿਆਂ ਨਾਲ ਖੇਡਦਿਆਂ ਸ਼ੁਭਮਨ ਗਿੱਲ ਨੇ ਲਗਭਗ 22 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਆਪਣੀ ਬੱਲੇਬਾਜ਼ੀ ਦੀ ਕਲਾ ਦਿਖਾਈ। ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਗਿੱਲ ਨੇ ਕਿਹਾ ਕਿ ਜੇਕਰ ਉਹ ਹੁਣ ਤੋਂ ਹੀ ਆਪਣੀ ਸਿਹਤ ਦਾ ਧਿਆਨ ਰੱਖਣਗੇ, ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪਿਤਾ ਨੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
ਸ਼ੁਭਮਨ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਭਮਨ ਜਦੋਂ ਛੋਟਾ ਹੁੰਦਾ ਸੀ, ਤਾਂ ਉਹ ਕਈ-ਕਈ ਘੰਟੇ ਇਕੱਲਾ ਹੀ ਕ੍ਰਿਕਟ ਖੇਡਦਾ ਰਹਿੰਦਾ ਸੀ। ਉਨ੍ਹਾਂ ਅਨੁਸਾਰ, ਸ਼ੁਭਮਨ ਦਾ ਕ੍ਰਿਕਟ ਪ੍ਰਤੀ ਇਹੀ ਲਗਾਵ ਅਤੇ ਉਸ ਦੀ ਸਖ਼ਤ ਮਿਹਨਤ ਹੀ ਉਸ ਨੂੰ ਅੱਜ ਇਸ ਸਿਖਰਲੇ ਮੁਕਾਮ 'ਤੇ ਲੈ ਕੇ ਆਈ ਹੈ।
