ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 15 ਲੱਖ ਰੁਪਏ ਦੀ ਠੱਗੀ
Monday, Mar 02, 2026 - 11:28 AM (IST)
ਜਲਾਲਾਬਾਦ (ਬਜਾਜ, ਬੰਟੀ) : ਥਾਣਾ ਅਮੀਰ ਖਾਸ ਦੀ ਪੁਲਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 5 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਚੈਨ ਸਿੰਘ ਪੁੱਤਰ ਭਾਨ ਸਿੰਘ ਵਾਸੀ ਬੂਰ ਵਾਲਾ ਵੱਲੋਂ ਦਰਖਾਸਤ 19-8-2025 ਨੂੰ ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਕੋਲ ਦਿੱਤੀ ਗਈ ਸੀ। ਇਸ ’ਚ ਸ਼ਿਕਾਇਤਕਰਤਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਸੁਬੇਗ ਸਿੰਘ ਪੁੱਤਰ ਕੁਲਵਿੰਦਰ ਸਿੰਘ, ਬਲਜੀਤ ਕੌਰ ਪਤਨੀ ਸੁਬੇਗ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਭਾਰਤ ਨਗਰ ਨੇੜੇ ਰੋਹਿਤ ਪਬਲਿਕ ਸਕੂਲ ਭੱਟੀਆ ਵਾਲੀ ਬਸਤੀ ਫਿਰੋਜ਼ਪੁਰ ਅਤੇ ਅਵਤਾਰ ਸਿੰਘ ਮਹਿਮਾ (ਕਿਸਾਨ ਨੇਤਾ) ਪੁੱਤਰ ਅਜੀਤ ਸਿੰਘ ਵਾਸੀ ਲੱਖੋਕੇ ਬਹਿਰਾਮ ਵੱਲੋਂ ਉਸ ਪਾਸੋਂ ਕਰੀਬ 15 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਇਸ ਦੇ ਨਾਲ ਹੀ ਧਮਕੀਆਂ ਦਿੱਤੀਆਂ ਗਈਆ ਹਨ। ਇਸ ਦਰਖ਼ਾਸਤ ਦੀ ਪੜਤਾਲ ਸੀਨੀਅਰ ਅਫ਼ਸਰਾਂ ਵੱਲੋਂ ਅਤੇ ਡੀ. ਏ. ਲੀਗਲ ਦੀ ਕਾਨੂੰਨੀ ਰਾਇ ਲੈਣ ਤੋਂ ਬਾਅਦ ਅਪਰੂਵਲ ਥਾਣਾ ਅਮੀਰ ਖ਼ਾਸ ਵਿਖੇ ਪੁੱਜੀ ਹੈ। ਜਿਸ ’ਤੇ ਸ਼ਿਕਾਇਤਕਰਤਾ ਸੁਖਚੈਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਥਾਣਾ ਅਮੀਰ ਖਾਸ ਵਿਖੇ ਸੁਬੇਗ ਸਿੰਘ, ਬਲਜੀਤ ਕੌਰ, ਕੁਲਵਿੰਦਰ ਸਿੰਘ, ਜਸਵੀਰ ਕੌਰ ਅਤੇ ਅਵਤਾਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
