ਨੌਜਵਾਨ ’ਤੇ ਹਮਲਾ ਕਰਨ ਅਤੇ ਲੁੱਟਣ ਦੇ ਦੋਸ਼ ਹੇਠ 3 ਨੌਜਵਾਨ ਗ੍ਰਿਫ਼ਤਾਰ
Monday, Mar 02, 2026 - 04:55 PM (IST)
ਅਬੋਹਰ (ਸੁਨੀਲ) : ਸਥਾਨਕ ਆਰੀਆ ਨਗਰ ਇਲਾਕੇ ’ਚ ਬੀਤੀ ਰਾਤ ਤਿੰਨ ਲੁਟੇਰਿਆਂ ਨੇ ਗਲੀ ’ਚ ਜਾ ਰਹੇ ਇਕ ਨੌਜਵਾਨ ਨੂੰ ਰਸਤੇ ’ਚ ਰੋਕ ਕੇ ਉਸ ਦੀ ਕੁੱਟਮਾਰ ਕਰਦੇ ਹੋਏ ਚਾਂਦੀ ਦਾ ਬਰੇਸਲੈੱਟ ਅਤੇ ਮੋਬਾਇਲ ਫੋਨ ਖੋਹ ਲਿਆ। ਸਿਟੀ ਥਾਣਾ ਨੰਬਰ-2 ਦੀ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਪੁੱਛਗਿੱਛ ਲਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ’ਤੇ ਲਿਆ ਜਾਵੇਗਾ ਕਿਉਂਕਿ ਉਨ੍ਹਾਂ ਤੋਂ ਲੁੱਟ ਬਾਰੇ ਹੋਰ ਵੇਰਵੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਵਰਿਆਮ ਨਗਰ ਨੇੜੇ ਸੱਚਾ ਸੌਦਾ ਦੇ ਰਹਿਣ ਵਾਲੇ ਨੈਤਿਕ ਕੁਮਾਰ ਪੁੱਤਰ ਰਾਮ ਨਰੇਸ਼ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਬੀਤੀ ਰਾਤ ਲਗਭਗ 9:30 ਵਜੇ ਜਦੋਂ ਉਹ ਆਰੀਆ ਨਗਰ ਵਿਚ ਸੀ ਤਾਂ ਤਿੰਨ ਲੁਟੇਰਿਆਂ ਨੇ ਉਸ ਨੂੰ ਲੁੱਟਣ ਦੇ ਇਰਾਦੇ ਨਾਲ ਸੜਕ ’ਤੇ ਰੋਕਿਆ।
ਉਨ੍ਹਾਂ ਨੇ ਉਸ ’ਤੇ ਹਮਲਾ ਕੀਤਾ ਅਤੇ ਉਸ ਦਾ ਮੋਬਾਇਲ ਫੋਨ ਅਤੇ ਇਕ ਚਾਂਦੀ ਦਾ ਬਰੇਸਲੈੱਟ ਜਿਸ ਦੀ ਕੀਮਤ ਕਰੀਬ 14,000 ਰੁਪਏ ਹੈ, ਖੋਹ ਲਿਆ। ਉਸ ਨੇ ਇਸ ਸਬੰਧੀ ਪੁਲਸ ਸ਼ਿਕਾਇਤ ਦਰਜ ਕਰਵਾਈ। ਥਾਣਾ ਇੰਚਾਰਜ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਲੁੱਟ ਦੀ ਸੂਚਨਾ ਮਿਲੀ, ਉਨ੍ਹਾਂ ਨੇ ਜਾਂਚ ਲਈ ਪੁਲਸ ਟੀਮਾਂ ਬਣਾਈਆਂ। ਜਾਂਚ ਤੋਂ ਬਾਅਦ ਉਨ੍ਹਾਂ ਦੀ ਪੁਲਸ ਟੀਮ ਨੇ ਇਸ ਲੁੱਟ ਨੂੰ ਅੰਜਾਮ ਦੇਣ ਵਾਲੇ ਵਿਕਾਸ ਉਰਫ਼ ਸੁਜਲ ਪੁੱਤਰ ਰਮੇਸ਼ ਕੁਮਾਰ ਵਾਸੀ ਆਰੀਆ ਨਗਰ ਗਲੀ ਨੰਬਰ 2, ਹਨੀ ਉਰਫ਼ ਰਾਂਝਾ ਪੁੱਤਰ ਵਿਜੇ ਕੁਮਾਰ ਅਤੇ ਵਰੁਣ ਪੁੱਤਰ ਸੁਰਿੰਦਰ ਕੁਮਾਰ ਵਾਸੀ ਠਾਕਰ ਆਬਾਦੀ ਗਲੀ ਨੰਬਰ 11-12 ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਨੇ ਇਨ੍ਹਾਂ ਤਿੰਨਾਂ ਕੋਲੋਂ ਖੋਹਿਆ ਹੋਇਆ ਚਾਂਦੀ ਦਾ ਬਰੇਸਲੈੱਟ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ।
