ਮਮਦੋਟ ’ਚ ਪਤਨੀ ਅਤੇ ਸੱਸ ’ਤੇ ਕਾਪੇ ਨਾਲ ਜਾਨਲੇਵਾ ਹਮਲਾ

Saturday, Feb 28, 2026 - 05:20 PM (IST)

ਮਮਦੋਟ ’ਚ ਪਤਨੀ ਅਤੇ ਸੱਸ ’ਤੇ ਕਾਪੇ ਨਾਲ ਜਾਨਲੇਵਾ ਹਮਲਾ

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਮਮਦੋਟ ਅਧੀਨ ਆਉਂਦੇ ਇਲਾਕੇ 'ਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਸੱਸ ’ਤੇ ਕਾਪੇ ਨਾਲ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਮਦੋਟ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ੁਸ਼ੀਲ ਪਤਨੀ ਮਨਪ੍ਰੀਤ ਵਾਸੀ ਪਿੰਡ ਝੋਕ ਹਰੀਹਰ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਉਸ ਨਾਲ ਮਾਰ-ਕੁਟਾਈ ਕਰਦਾ ਸੀ, ਜਿਸ ਕਾਰਨ ਉਹ ਪਿਛਲੇ 15-20 ਦਿਨਾਂ ਤੋਂ ਆਪਣੇ ਪੇਕੇ ਪਿੰਡ ਬਸਤੀ ਪਠਾਣਾ ਵਾਲਾ ਵਿਖੇ ਰਹਿ ਰਹੀ ਸੀ।

ਬੀਤੀ 23 ਫਰਵਰੀ ਦੀ ਸ਼ਾਮ ਕਰੀਬ 6 ਵਜੇ ਜਦੋਂ ਉਹ ਆਪਣੀ ਮਾਤਾ ਵੀਨਾ ਨਾਲ ਮਮਦੋਟ ਦੇ ਇਕ ਪੈਟਰੋਲ ਪੰਪ ਨੇੜਲੀ ਮਿਠਾਈ ਦੀ ਦੁਕਾਨ ਤੋਂ ਕੰਮ ਖ਼ਤਮ ਕਰਕੇ ਘਰ ਪਰਤ ਰਹੀ ਸੀ, ਤਾਂ ਰਸਤੇ ਵਿਚ ਬਾਬਾ ਖੇਤਰ ਪਾਲ ਦੀ ਜਗ੍ਹ ਨੇੜੇ ਮਨਪ੍ਰੀਤ ਮੋਟਰਸਾਈਕਲ ’ਤੇ ਆਇਆ। ਸ਼ੁਸ਼ੀਲ ਨੇ ਦੱਸਿਆ ਕਿ ਮਨਪ੍ਰੀਤ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਕਾਪੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਧੌਣ, ਬਾਂਹ, ਹੱਥਾਂ ਦੀਆਂ ਉਂਗਲਾਂ ਅਤੇ ਪਸਲੀਆਂ ’ਤੇ ਗੰਭੀਰ ਸੱਟਾਂ ਲੱਗੀਆਂ। ਜਦੋਂ ਉਸ ਦੀ ਮਾਤਾ ਬਚਾਅ ਲਈ ਅੱਗੇ ਆਈ ਤਾਂ ਦੋਸ਼ੀ ਨੇ ਉਨ੍ਹਾਂ ਦੇ ਸਿਰ, ਮੱਥੇ ਅਤੇ ਛਾਤੀ ’ਤੇ ਵੀ ਵਾਰ ਕੀਤੇ। ਰੌਲਾ ਪਾਉਣ ’ਤੇ ਦੋਸ਼ੀ ਹਥਿਆਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਚ ਕਰ ਰਹੇ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਸ਼ੁਸ਼ੀਲ ਦੇ ਬਿਆਨਾਂ ’ਤੇ ਉਸ ਦੇ ਪਤੀ ਮਨਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News