ਘਰਵਾਲੀ ਤੇ ਬਾਹਰ ਵਾਲੀ ’ਚ ਹੋਈ ਹੱਥੋਂਪਾਈ, ਘਰਵਾਲਾ ਹੋਇਆ ਸਫਲ; ਮੌਕੇ ’ਤੇ ਪੁੱਜੀ ਪੁਲਸ
Saturday, Feb 21, 2026 - 11:14 PM (IST)
ਜਲਾਲਾਬਾਦ (ਆਦਰਸ਼, ਜਤਿੰਦਰ) – ਪੰਜਾਬ ’ਚ ਆਏ ਦਿਨੀਂ ਸੋਸ਼ਲ ਮੀਡੀਆ ’ਤੇ ਅਕਸਰ ਹੀ ਸਮਾਜ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਤਰ੍ਹਾਂ ਹੀ ਜਲਾਲਾਬਾਦ ਹਲਕੇ ਦੇ ਢਾਣੀ ਪ੍ਰੇਮ ਸਿੰਘ ਤੋਂ ਸਾਹਮਣੇ ਆਈ ਹੈ ਕਿ ਘਰਵਾਲੀ ਕੋਲ ਪਹੁੰਚ ਗਈ ਬਾਹਰ ਵਾਲੀ ਤਾਂ ਗਾਹ ਪੈ ਗਿਆ ਅਤੇ ਦੋਨਾਂ ’ਚ ਹੱਥੋਂਪਾਈ ਤੱਕ ਮਾਮਲਾ ਪਹੁੰਚ ਗਿਆ।
ਉਧਰ ਦੂਜੇ ਪਾਸੇ ਪਿੰਡ ਢਾਣੀ ਪ੍ਰੇਮ ਸਿੰਘ ਵਾਲੀ ਵਿਖੇ ਲੁਧਿਆਣਾ ਤੋਂ ਪਹੁੰਚੀ ਇਕ ਔਰਤ ਨੇ ਕਿਹਾ ਕਿ ਹਰਮੇਸ਼ ਸਿੰਘ ਉਸ ਦਾ ਪਤੀ ਹੈ ਅਤੇ ਉਹ ਪਿਛਲੇ ਸੱਤ ਮਹੀਨਿਆਂ ਤੋਂ ਲੁਧਿਆਣਾ ਵਿਖੇ ਇਕੱਠੇ ਰਹਿ ਰਹੇ ਹਨ ਪਰ ਹੁਣ ਉਸ ਦਾ ਪਤੀ ਉਸ ਨੂੰ ਛੱਡ ਕੇ ਇੱਥੇ ਵਾਪਸ ਆ ਗਿਆ। ਦੋਸ਼ ਲਾਉਂਦੇ ਹੋਏ ਲੁਧਿਆਣਾ ਤੋਂ ਆਈ ਔਰਤ ਰੀਨਾ ਨੇ ਕਿਹਾ ਕਿ ਹਰਮੇਸ਼ ਦੇ ਵੱਲੋਂ ਉਸ ਨੂੰ ਕਿਹਾ ਗਿਆ ਸੀ ਕਿ ਉਸ ਦਾ ਤਲਾਕ ਹੋ ਚੁੱਕਿਆ ਤੇ ਦੋ ਬੱਚੇ ਹਨ ਅਤੇ ਉਸ ਨੂੰ ਬੱਚਿਆਂ ਵਾਸਤੇ ਮਾਂ ਦੀ ਜ਼ਰੂਰਤ ਹੈ ਅਤੇ ਕੋਰਟ ’ਚ ਜਾ ਕੇ ਲਿਵਿੰਗ ਰਿਲੇਸ਼ਨਸ਼ਿਪ ਰਜਿਸਟਰ ਵੀ ਕਰਵਾਈ ਗਈ ਹੈ ਅਤੇ ਅੱਜ ਉਹ ਇੱਥੇ ਆਪਣੇ ਘਰਵਾਲੇ ਕੋਲੇ ਰਹਿਣ ਦੇ ਲਈ ਆਈ ਹੈ। ਉਸ ਨੇ ਕਿਹਾ ਕਿ ਉਸ ਦੇ ਅੱਗੇ-ਪਿੱਛੇ ਕੋਈ ਵੀ ਨਹੀਂ ਸੱਤ ਸਾਲ ਪਹਿਲੇ ਉਸ ਦਾ ਤਲਾਕ ਹੋ ਚੁੱਕਿਆ ਅਤੇ ਉਸ ਦੇ ਬੱਚਿਆਂ ਅਤੇ ਪਰਿਵਾਰ ਨੇ ਵੀ ਉਸ ਨਾਲ ਰਿਸ਼ਤੇ-ਨਾਤੇ ਖਤਮ ਕਰ ਲਏ ਹਨ। ਇਸ ਦੀ ਵਜਾ ਉਸ ਨੇ ਹਰਮੇਸ਼ ਸਿੰਘ ਨੂੰ ਦੱਸਿਆ।
ਵਿਰੋਧੀ ਧਿਰ ’ਚ ਹਰਮੇਸ਼ ਸਿੰਘ ਦੀ ਪਤਨੀ ਤੋਸ਼ਾ ਰਾਣੀ ਨੇ ਕਿਹਾ ਕਿ ਉਸ ਦਾ ਘਰਵਾਲਾ ਹਰਮੇਸ਼ ਸਿੰਘ ਲੁਧਿਆਣਾ ਵਿਖੇ ਫੈਕਟਰੀ ’ਚ ਕੰਮਕਾਰ ਕਰਨ ਗਿਆ ਸੀ ਅਤੇ ਉਸ ਨੂੰ ਨਹੀਂ ਪਤਾ ਕਿ ਕਿਸ ਵੇਲੇ ਉਸ ਨੇ ਇਸ ਦੇ ਨਾਲ ਰਿਲੇਸ਼ਨ ਬਣਾ ਲਏ ਅਤੇ ਲਿਵਿੰਗ ਰਿਲੇਸ਼ਨਸ਼ਿਪ ਰਜਿਸਟਰ ਕਰਵਾ ਲਈ । ਫਿਲਹਾਲ ਦੋਨਾਂ ਨੇ ਇਕ-ਦੂਜੀ ਦੀ ਜੰਮ ਕੇ ਗੁੱਤ ਪੁੱਟੀ ਅਤੇ ਖੂਬ ਤਮਾਸ਼ਾ ਹੋਇਆ, ਸਾਰਾ ਪਿੰਡ ਇਕੱਠਾ ਹੋ ਗਿਆ ਤੇ ਲੋਕਾਂ ਨੇ ਇਨ੍ਹਾਂ ਨੂੰ ਛੁਡਵਾਇਆ। ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਦੋਨਾਂ ਔਰਤਾਂ ਨੂੰ ਸਮਝਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੋਈ ਵੀ ਕੰਮ ਨਾ ਆਈ। ਜਿਸ ਤੋਂ ਬਾਅਦ ਪੁਲਸ ਵੱਲੋਂ ਸ਼ਿਕਾਇਤ ਦਰਜ ਕਰਨ ਦੀ ਗੱਲ ਆਖੀ ਗਈ ਅਤੇ ਲੁਧਿਆਣਾ ਤੋਂ ਆਈ ਰੀਨਾ (ਬਾਹਰ ਵਾਲੀ) ਜਲਾਲਾਬਾਦ ਦੇ ਸਿਵਲ ਹਸਪਤਾਲ ’ਚ ਦਾਖਲ ਹੈ ਅਤੇ ਪੁਲਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਪਹੁੰਚੀ ਔਰਤ ਨੇ ਦੱਸਿਆ ਕਿ ਹਰਮੇਸ਼ ਉਸ ਦਾ ਪਤੀ ਹੈ ਅਤੇ ਉਸ ਨੇ ਕੋਟ ਦੇ ਵਿਚ ਲੀਵਿੰਗ ਰਿਲੇਸ਼ਨਸ਼ਿਪ ਰਜਿਸਟਰਡ ਕਰਵਾਈ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਵੈਰੋ ਕਾ ਦੇ ਜਾਂਚ ਅਧਿਕਾਰੀ ਸਵਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਹੁਣ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
