ਘਰੋਂ ਬੁਲਾ ਕੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਕੀਤੀ ਕੁੱਟਮਾਰ, ਆਈਫੋਨ ਤੇ ਨਕਦੀ ਖੋਹੀਆਂ
Saturday, Jul 12, 2025 - 03:43 AM (IST)

ਲੁਧਿਆਣਾ (ਗੌਤਮ) : ਰੰਜਿਸ਼ਨ ਇਕ ਔਰਤ ਸਮੇਤ 4 ਲੋਕਾਂ ਨੇ ਸਾਜ਼ਿਸ਼ ਰਚੀ ਅਤੇ ਇਕ ਨੌਜਵਾਨ ਨੂੰ ਉਸ ਦੇ ਘਰੋਂ ਬੁਲਾਇਆ, ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਆਈਫੋਨ, ਨਕਦੀ ਅਤੇ ਹੋਰ ਚੀਜ਼ਾਂ ਖੋਹ ਲਈਆਂ।
ਵਾਰਦਾਤ ਕਰਨ ਤੋਂ ਬਾਅਦ ਉਹ ਉਸ ਨੂੰ ਧਮਕੀਆਂ ਦੇ ਕੇ ਘੰਟਾਘਰ ਚੌਕ ’ਤੇ ਛੱਡ ਗਏ। ਕਾਰਵਾਈ ਕਰਦੇ ਹੋਏ ਮਾਡਲ ਟਾਊਨ ਥਾਣੇ ਦੀ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਢਿੱਲੋਂ ਨਗਰ ਦੇ ਰਹਿਣ ਵਾਲੇ ਸੁਜਲ ਦੇ ਬਿਆਨ ’ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਮੁਲਜ਼ਮਾਂ ਦੀ ਪਛਾਣ ਜਲੰਧਰ ਬਾਈਪਾਸ ਮੁਹੱਲਾ ਭੌਰਾ ਦੇ ਰਹਿਣ ਵਾਲੇ ਕੁਨਾਲ ਸਿੱਧੂ ਅਤੇ ਸੁੰਦਰ ਨਗਰ ਦੇ ਰਹਿਣ ਵਾਲੇ ਜਤਿਨ ਵਜੋਂ ਕੀਤੀ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਸੁਜਲ ਨੇ ਦੱਸਿਆ ਕਿ ਉਹ ਹਰਵੀਨ ਨੂੰ ਜਾਣਦਾ ਸੀ। ਹਰਵੀਨ ਨੇ ਉਸ ਨੂੰ 7 ਜੁਲਾਈ ਨੂੰ ਕਿਸੇ ਕੰਮ ਦੇ ਬਹਾਨੇ ਘੰਟਾਘਰ ਕੋਲ ਬੁਲਾਇਆ, ਜਿਥੇ ਉਹ ਮੋਟਰਸਾਈਕਲ ’ਤੇ ਪਹੁੰਚਿਆ। ਹਰਵੀਨ ਆਪਣੇ ਮੰਗੇਤਰ ਸਾਹਿਲ ਘਈ ਨਾਲ ਮਿਲੀ। ਉਹ ਉਸ ਨੂੰ ਆਪਣੇ ਨਾਲ ਜਲੰਧਰ ਬਾਈਪਾਸ ’ਤੇ ਗਣੇਸ਼ ਮੂਰਤੀ ਕੋਲ ਲੈ ਗਏ।
ਉਨ੍ਹਾਂ ਨੇ ਉਸ ਨੂੰ ਆਪਣਾ ਮੋਟਰਸਾਈਕਲ ਉਥੇ ਖੜ੍ਹਾ ਕਰਨ ਲਈ ਕਿਹਾ। ਫਿਰ ਕੁਨਾਲ ਸਿੱਧੂ ਅਤੇ ਜਤਿਨ ਦੀ ਹੌਂਡਾ ਸਿਟੀ ਕਾਰ ’ਚ ਬੈਠਾ ਕੇ ਲਾਡੋਵਾਲ ਦੇ ਇਲਾਕੇ ’ਚ ਲੈ ਗਏ। ਉਹ ਉਸ ਨੂੰ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ।
ਇਸ ਦੌਰਾਨ ਦੋਸ਼ੀਆਂ ਨੇ ਉਸ ਦਾ ਆਈਫੋਨ, ਚਾਂਦੀ ਦੀ ਚੇਨ, 5000 ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਖੋਹ ਲਿਆ। ਦੋਸ਼ੀ ਉਸ ਨੂੰ ਜਲੰਧਰ ਬਾਈਪਾਸ ’ਤੇ ਛੱਡ ਕੇ ਭੱਜ ਗਏ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ।