ਨੌਸਰਬਾਜ਼ ਦਾ ਕਾਰਾ: ਕਾਰੋਬਾਰੀ ਨੂੰ ਦਰਦ ਮਿਟਾਉਣ ਬਹਾਨੇ ਪਿਆਈ ਬੇਹੋਸ਼ੀ ਦੀ ਦਵਾਈ, ਨਕਦੀ ਤੇ ਮੋਬਾਈਲ ਲੈ ਕੇ ਫ਼ਰਾਰ
Monday, Mar 16, 2026 - 08:09 AM (IST)
ਲੁਧਿਆਣਾ (ਰਾਜ) : ਮਹਾਨਗਰ ਵਿੱਚ ਨੌਸਰਬਾਜ਼ਾਂ ਦੇ ਜਾਲ ਇਸ ਕਦਰ ਵਿੱਛ ਚੁੱਕੇ ਹਨ ਕਿ ਬਾਹਰੋਂ ਆਉਣ ਵਾਲੇ ਲੋਕ ਹੁਣ ਇੱਥੇ ਕਦਮ ਰੱਖਦਿਆਂ ਹੀ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਤੋਂ ਲੁਧਿਆਣਾ ਦੀ ਗਾਂਧੀ ਨਗਰ ਮਾਰਕੀਟ ਵਿੱਚ ਰੈਡੀਮੇਡ ਕੱਪੜਿਆਂ ਦੀ ਖਰੀਦਦਾਰੀ ਕਰਨ ਆਏ ਇਕ ਕਾਰੋਬਾਰੀ ਨਾਲ ਸ਼ਾਤਰ ਨੌਸਰਬਾਜ਼ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਨਾਲ ਕਾਰੋਬਾਰੀ ਦਾ ਨਾ ਸਿਰਫ਼ ਪੈਸਾ ਗਿਆ, ਸਗੋਂ ਉਹ ਆਪਣੀ ਸੁੱਧ-ਬੁੱਧ ਵੀ ਗੁਆ ਬੈਠਾ। ਪੀੜਤ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਐਤਵਾਰ ਤੜਕੇ ਬੱਸ ਸਟੈਂਡ ’ਤੇ ਉਤਰਿਆ ਸੀ ਅਤੇ ਗਾਂਧੀ ਨਗਰ ਮਾਰਕੀਟ ਜਾਣ ਲਈ ਸਮਾਂ ਹੋਣ ਕਾਰਨ ਉੱਥੇ ਹੀ ਬੈਠ ਗਿਆ। ਇਸੇ ਦੌਰਾਨ ਇੱਕ ਨੌਜਵਾਨ ਉਸ ਦੇ ਕੋਲ ਆ ਕੇ ਬੈਠ ਗਿਆ ਅਤੇ ਬੜੀ ਹੀ ਸ਼ਾਲੀਨਤਾ ਨਾਲ ਗੱਲਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਗੱਲਾਂ-ਗੱਲਾਂ ਵਿੱਚ ਸ਼ਾਤਰ ਨੌਜਵਾਨ ਨੇ ਖ਼ੁਦ ਨੂੰ ਫਾਰਮਾਸਿਸਟ ਦੱਸਿਆ ਤੇ ਰਾਜੇਸ਼ ਦਾ ਵਿਸ਼ਵਾਸ ਜਿੱਤ ਲਿਆ।
ਇਹ ਵੀ ਪੜ੍ਹੋ : ਮਿਡ-ਡੇ ਮੀਲ ਵਰਕਰਾਂ ਨੇ ਘੇਰਿਆ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਦਫ਼ਤਰ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਜਦੋਂ ਰਾਜੇਸ਼ ਨੇ ਸਰੀਰ ਵਿੱਚ ਹਲਕਾ ਦਰਦ ਹੋਣ ਦੀ ਗੱਲ ਕਹੀ ਤਾਂ ਉਸ ਕਥਿਤ ਫਾਰਮਾਸਿਸਟ ਨੇ ਬੜੇ ਹੀ ਮਦਦਗਾਰ ਅੰਦਾਜ਼ ਵਿੱਚ ਉਸ ਨੂੰ ਦਰਦ ਨਿਵਾਰਕ ਦਵਾਈ ਦਾ ਲਾਲਚ ਦਿੱਤਾ। ਰਾਜੇਸ਼ ਨੇ ਅਣਜਾਣ ਨੌਜਵਾਨ ’ਤੇ ਭਰੋਸਾ ਕਰਕੇ ਉਹ ਦਵਾਈ ਖਾ ਲਈ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਦਵਾਈ ਨਹੀਂ, ਸਗੋਂ ਉਸ ਨੂੰ ਲੁੱਟਣ ਲਈ ਦਿੱਤਾ ਗਿਆ ਬੇਹੋਸ਼ੀ ਦਾ ਜ਼ਹਿਰ ਸੀ। ਦਵਾਈ ਖਾਂਦੇ ਹੀ ਰਾਜੇਸ਼ ਗੂੜ੍ਹੀ ਨੀਂਦ ਸੌਂ ਗਿਆ ਅਤੇ ਜਦੋਂ ਕੁਝ ਘੰਟਿਆਂ ਬਾਅਦ ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੀ ਜੇਬ ਵਿੱਚੋਂ 12 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਫ਼ੋਨ ਗਾਇਬ ਸੀ। ਉਹ ਨੌਜਵਾਨ, ਜਿਸ ਨੇ ਖ਼ੁਦ ਨੂੰ ਫਾਰਮਾਸਿਸਟ ਦੱਸਿਆ ਸੀ, ਮੌਕੇ ਤੋਂ ਭੱਜ ਚੁੱਕਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
