ਛੋਟੇ ਬੱਚੇ ਨਾਲ ਲੁੱਟ! ਗਲੇ ''ਚੋਂ ਸੋਨੇ ਦੀ ਚੇਨ ਖੋਹ ਕੇ ਭੱਜ ਰਹੇ ਨਸ਼ੇੜੀਆਂ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ
Friday, Mar 13, 2026 - 05:29 PM (IST)
ਲੁਧਿਆਣਾ (ਰਾਜ): ਨਸ਼ੇ ਦੀ ਦਲਦਲ ਵਿਚ ਫਸੇ ਝਪਟਮਾਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਹੁਣ ਉਹ ਮਾਸੂਮ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਤਾਜ਼ਾ ਮਾਮਲਾ ਸ਼ੇਰਪੁਰ ਦੇ ਨੇੜੇ ਖੋਕਾ ਮਾਰਕੀਟ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ੁੱਕਰਵਾਰ ਦੁਪਹਿਰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਬੱਚੇ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟ ਲਈ। ਹਾਲਾਂਕਿ ਬੱਚੇ ਦਾ ਰੌਲ਼ਾ ਸੁਣ ਕੇ ਮੌਕੇ 'ਤੇ ਇਕੱਠੀ ਹੋਈ ਭੀੜ ਨੇ ਭੱਜ ਰਹੇ ਇਕ ਝਪਟਮਾਰ ਨੂੰ ਫੜ ਲਿਆ ਤੇ ਉਸ ਦੀ ਛਿੱਤਰ-ਪਰੇਡ ਕਰ ਦਿੱਤੀ।
ਜਾਣਕਾਰੀ ਮੁਤਾਬਕ, ਬੱਚਾ ਖੋਕਾ ਮਾਰਕੀਟ ਤੋਂ ਗੁਜ਼ਰ ਰਿਹਾ ਸੀ। ਇਸ ਦੌਰਾਨ ਵਾਰਦਾਤ ਦੀ ਫ਼ਿਰਾਕ ਵਿਚ ਬੈਠੇ ਦੋ ਝਪਟਮਾਰਾਂ ਨੇ ਉਸ ਨੂੰ ਘੇਰ ਲਿਆ ਤੇ ਗਲੇ 'ਚੋਂ ਸੋਨੇ ਦੀ ਚੇਨ ਲਾਹ ਲਈ। ਮਾਸੂਮ ਨੇ ਜਦੋਂ ਰੌਲ਼ਾ ਪਾਉਣਾ ਸ਼ੁਰੂ ਕੀਤਾ ਤਾਂ ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ। ਲੋਕਾਂ ਨੂੰ ਲੱਗਿਆ ਸ਼ਾਇਦ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਲੁਟੇਰੇ ਘਬਰਾ ਗਏ ਤੇ ਮੌਕੇ ਤੋਂ ਫ਼ਰਾਰ ਹੋਣ ਲੱਗੇ। ਇਸ ਦੌਰਾਨ ਇਕ ਮੁਲਜ਼ਮ ਤਾਂ ਚੇਨ ਲੈ ਕੇ ਭੱਜ ਗਿਆ, ਪਰ ਦੂਜਾ ਮੁਲਜ਼ਮ ਲੋਕਾਂ ਦੇ ਅੜਿੱਕੇ ਚੜ੍ਹ ਗਿਆ। ਫੜੇ ਗਏ ਮੁਲਜ਼ਮ 'ਤੇ ਜਨਤਾ ਦਾ ਗੁੱਸਾ ਫੁੱਟ ਪਿਆ ਤੇ ਉਨ੍ਹਾਂ ਨੇ ਅੱਧ-ਨੰਗਾ ਕਰ ਕੇ ਉਸ ਦੀ ਕੁੱਟਮਾਰ ਕੀਤੀ।
ਇਸ ਦੌਰਾਨ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿਚੋਂ ਨਸ਼ਾ, ਇੰਜੈਕਸ਼ਨ ਵਾਲੀ ਸਰਿੰਜ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ। ਨਸ਼ੇ ਵਿਚ ਟੱਲੀ ਮੁਲਜ਼ਮ ਨੇ ਲੋਕਾਂ ਸਾਹਮਣੇ ਕਬੂਲਿਆ ਕਿ ਉਹ ਤੇ ਉਸ ਦਾ ਸਾਥੀ ਨਸ਼ੇ ਦਾ ਆਦੀ ਹੈ ਤੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਨੇ ਇਹ ਵੀ ਮੰਨਿਆ ਕਿ ਸੋਨੇ ਦੀ ਚੇਨ ਉਸ ਦਾ ਫ਼ਰਾਰ ਸਾਥੀ ਲੈ ਗਿਆ ਹੈ। ਮੌਕੇ 'ਤੇ ਪਹੁੰਚੀ ਥਾਣਾ ਪੁਲਸ ਨੇ ਮੁਲਜ਼ਮ ਨੂੰ ਫੜ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
