ਲੁਟੇਰਿਆਂ ''ਤੇ ਫੁੱਟਿਆ ਜਨਤਾ ਦਾ ਗੁੱਸਾ! ਰੱਸੀਆਂ ਨਾਲ ਬੰਨ੍ਹ ਕੇ ਚਾੜ੍ਹਿਆ ਕੁਟਾਪਾ
Friday, Mar 13, 2026 - 06:33 PM (IST)
ਲੁਧਿਆਣਾ (ਰਾਜ): ਗਾਂਧੀ ਨਗਰ ਮਾਰਕੀਟ ਵਿਚ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਵਾਰਦਾਤ ਕਰਕੇ ਭੱਜ ਰਹੇ ਲੁਟੇਰਿਆਂ 'ਤੇ ਜਨਤਾ ਦਾ ਗੁੱਸਾ ਫੁੱਟ ਪਿਆ। ਐਕਟਿਵਾ ਸਵਾਰ ਦੋ ਸ਼ਾਤਿਰ ਲੁਟੇਰਿਆਂ ਨੇ ਬਾਜ਼ਾਰ ਵਿਚ ਖਰੀਦਦਾਰੀ ਕਰਨ ਆਏ ਇਕ ਗਾਹਕ ਤੋਂ 20 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪਰ ਲੁਟੇਰਿਆਂ ਦੀ ਬਦਕਿਸਮਤੀ ਰਹੀ ਕਿ ਸ਼ੋਰ ਮਚਦਿਆਂ ਹੀ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਦਲੇਰੀ ਦਿਖਾਉਂਦੇ ਹੋਏ ਇਕ ਮੁਲਜ਼ਮ ਨੂੰ ਮੌਕੇ 'ਤੇ ਹੀ ਦਬੋਚ ਲਿਆ, ਜਦਕਿ ਉਸ ਦਾ ਸਾਥੀ ਭੱਜਣ ਵਿਚ ਸਫਲ ਰਿਹਾ।
ਘਟਨਾ ਦੇ ਸਮੇਂ ਸੜਕ 'ਤੇ ਮੌਜੂਦ ਦੁਕਾਨਦਾਰ ਰਵੀ ਨੇ ਦੱਸਿਆ ਕਿ ਜਿਵੇਂ ਹੀ ਪੀੜਤ ਗਾਹਕ ਨੇ ਸ਼ੋਰ ਮਚਾਇਆ, ਉਸ ਨੇ ਬਿਨਾਂ ਵਕਤ ਗੁਆਏ ਭੱਜ ਰਹੇ ਲੁਟੇਰਿਆਂ ਦੀ ਐਕਟਿਵਾ ਦਾ ਪਿੱਛਾ ਕੀਤਾ। ਰਵੀ ਨੇ ਐਕਟਿਵਾ ਦੇ ਪਿੱਛੇ ਬੈਠੇ ਲੁਟੇਰੇ ਦਾ ਕਾਲਰ ਫੜ ਕੇ ਉਸ ਨੂੰ ਹੇਠਾਂ ਖਿੱਚ ਲਿਆ, ਜਿਸ ਨਾਲ ਉਹ ਸੜਕ 'ਤੇ ਡਿੱਗ ਪਿਆ। ਹਾਲਾਂਕਿ, ਐਕਟਿਵਾ ਚਲਾ ਰਿਹਾ ਦੂਜਾ ਬਦਮਾਸ਼ ਆਪਣੇ ਸਾਥੀ ਨੂੰ ਵਿਚਕਾਰ ਰਸਤੇ ਵਿਚ ਛੱਡ ਕੇ ਰਫੂ-ਚੱਕਰ ਹੋ ਗਿਆ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਬਾਜ਼ਾਰ ਵਿਚ ਇਕੱਠੀ ਹੋਈ ਗੁੱਸੇ ਵਿਚ ਆਈ ਭੀੜ ਨੇ ਫੜੇ ਗਏ ਮੁਲਜ਼ਮ ਨੂੰ ਪਹਿਲਾਂ ਰੱਸੀਆਂ ਨਾਲ ਬੰਨ੍ਹਿਆ ਅਤੇ ਫਿਰ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਲੋਕਾਂ ਨੇ ਲੁਟੇਰੇ ਨੂੰ ਅਰਧ-ਨਗਨ ਕਰ ਦਿੱਤਾ ਅਤੇ ਕਾਫ਼ੀ ਦੇਰ ਤੱਕ ਸੜਕ 'ਤੇ ਹੀ ਉਸ ਦੀ ਕੁੱਟਮਾਰ ਹੁੰਦੀ ਰਹੀ। ਮੁਲਜ਼ਮ ਕੁਝ ਹੀ ਦੇਰ ਵਿੱਚ ਬੇਸੁੱਧ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਬਾਜ਼ਾਰ ਵਿਚ ਕਰੀਬ ਅੱਧੇ ਘੰਟੇ ਤੱਕ ਚੱਲੇ ਇਸ ਡਰਾਮੇ ਦੌਰਾਨ ਲੋਕਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ਼ ਵੀ ਭੜਾਸ ਕੱਢੀ ਅਤੇ ਕਿਹਾ ਕਿ ਸ਼ਹਿਰ ਵਿਚ ਲੁਟੇਰੇ ਬੇਖੌਫ ਹੋ ਚੁੱਕੇ ਹਨ।
ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੇਸੁੱਧ ਪਏ ਮੁਲਜ਼ਮ ਨੂੰ ਭੀੜ ਦੇ ਚੁੰਗਲ ਤੋਂ ਛੁਡਾ ਕੇ ਆਪਣੀ ਹਿਰਾਸਤ ਵਿਚ ਲੈ ਲਿਆ। ਪੁਲਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪੁੱਛਗਿੱਛ ਲਈ ਲੈ ਜਾਇਆ ਗਿਆ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਫਰਾਰ ਹੋਏ ਦੂਜੇ ਮੁਲਜ਼ਮ ਦੀ ਪਛਾਣ ਲਈ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
