ਸਿਗਰਟ ਦਾ ਧੂੰਆਂ ਮੂੰਹ ''ਤੇ ਛੱਡਣ ਤੋਂ ਮਨ੍ਹਾਂ ਕੀਤਾ ਤਾਂ ਕੀਤੀ ਕੁੱਟਮਾਰ, ਖੋਹ ਲਈ ਸੋਨੇ ਦੀ ਚੇਨ

Tuesday, Mar 10, 2026 - 06:53 PM (IST)

ਸਿਗਰਟ ਦਾ ਧੂੰਆਂ ਮੂੰਹ ''ਤੇ ਛੱਡਣ ਤੋਂ ਮਨ੍ਹਾਂ ਕੀਤਾ ਤਾਂ ਕੀਤੀ ਕੁੱਟਮਾਰ, ਖੋਹ ਲਈ ਸੋਨੇ ਦੀ ਚੇਨ

ਲੁਧਿਆਣਾ (ਰਾਜ): ਥਾਣਾ ਸਦਰ ਦੇ ਅਧੀਨ ਆਉਂਦੀ ਸੋਲੀਟੇਅਰ ਹੋਮਸ ਕਾਲੋਨੀ ਵਿਚ ਹੋਲੀ ਦੀਆਂ ਖੁਸ਼ੀਆਂ ਉਸ ਸਮੇਂ ਤਣਾਅ ਵਿਚ ਬਦਲ ਗਈਆਂ ਜਦੋਂ ਕੁਝ ਨੌਜਵਾਨਾਂ ਨੇ ਪਾਰਟੀ ਦੌਰਾਨ ਜਮ ਕੇ ਹੰਗਾਮਾ ਕੀਤਾ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਤਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਉਹ ਆਪਣੇ ਦੋਸਤ ਮਨਜੋਤ ਸਿੰਘ ਨਾਲ ਕਾਲੋਨੀ ਵਿਚ ਹੋਲੀ ਦੀ ਪਾਰਟੀ ਦਾ ਆਨੰਦ ਲੈ ਰਿਹਾ ਸੀ। ਇਸ ਦੌਰਾਨ ਮੁਲਜ਼ਮ ਤਮਨਪ੍ਰੀਤ ਚੇਰੀ, ਜਸਕੀਰਤ ਮਾਨ ਅਤੇ ਉਸ ਦੇ ਸਾਥੀ ਉੱਥੇ ਆ ਪਹੁੰਚੇ ਅਤੇ ਸ਼ਰੇਆਮ ਸਿਗਰਟ ਪੀਣ ਲੱਗੇ। ਜਦੋਂ ਉਸ ਨੇ ਉਨ੍ਹਾਂ ਨੂੰ ਜਨਤਕ ਥਾਂ 'ਤੇ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਜਸਕੀਰਤ ਮਾਨ ਭੜਕ ਗਿਆ ਅਤੇ ਉਸ ਨੇ ਅਪਮਾਨਜਨਕ ਤਰੀਕੇ ਨਾਲ ਸਿਗਰਟ ਦਾ ਧੂੰਆਂ ਉਨ੍ਹਾਂ ਵੱਲ ਛੱਡਣਾ ਸ਼ੁਰੂ ਕਰ ਦਿੱਤਾ। 

ਹੰਗਾਮਾ ਇੱਥੇ ਹੀ ਨਹੀਂ ਰੁਕਿਆ, ਮੁਲਜ਼ਮਾਂ ਨੇ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸਗੋਂ ਵਿਰੋਧ ਕਰਨ 'ਤੇ ਗਾਲੀ-ਗਲੋਚ ਅਤੇ ਕੁੱਟਮਾਰ ਵੀ ਸ਼ੁਰੂ ਕਰ ਦਿੱਤੀ। ਪੀੜਤ ਦਾ ਦੋਸ਼ ਹੈ ਕਿ ਧੱਕਾ-ਮੁੱਕੀ ਅਤੇ ਕੁੱਟਮਾਰ ਦੌਰਾਨ ਮੁਲਜ਼ਮ ਉਸ ਦੀ ਕਰੀਬ 02 ਤੋਲੇ ਦੀ ਸੋਨੇ ਦੀ ਚੇਨ ਵੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਰੌਲਾ ਪਾਉਣ 'ਤੇ ਜਦੋਂ ਤੱਕ ਲੋਕ ਇਕੱਠੇ ਹੋਏ, ਮੁਲਜ਼ਮ ਉੱਥੋਂ ਭੱਜ ਚੁੱਕੇ ਸਨ। ਥਾਣਾ ਸਦਰ ਦੀ ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਲੋਨੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਭੇਜਿਆ ਜਾ ਸਕੇ।


author

Anmol Tagra

Content Editor

Related News