ਕਿਸਾਨਾਂ ਨੇ ਸੜਕ ''ਤੇ ਆਲੂ ਸੁੱਟ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
Tuesday, Mar 17, 2026 - 02:25 PM (IST)
ਸਮਰਾਲਾ (ਵਿਪਨ): ਪੰਜਾਬ ਵਿਚ ਆਲੂਆਂ ਦੇ ਲਗਾਤਾਰ ਡਿੱਗ ਰਹੇ ਭਾਅ ਕਾਰਨ ਕਿਸਾਨਾਂ ਵਿਚ ਗੁੱਸਾ ਵਧਦਾ ਜਾ ਰਿਹਾ ਹੈ। ਇਸ ਦੇ ਚਲਦੇ ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਦੀ ਅਗਵਾਈ ਵਿਚ ਕਿਸਾਨਾਂ ਨੇ ਅਨੋਖਾ ਪ੍ਰਦਰਸ਼ਨ ਕਰਦਿਆਂ ਆਪਣੀ ਫਸਲ ਸੜਕਾਂ ‘ਤੇ ਸੁੱਟ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ ਅਤੇ ਇਸ ਨੂੰ ਸੜਕਾਂ ‘ਤੇ ਸੁੱਟਣਾ ਉਸ ਲਈ ਬਹੁਤ ਦੁਖਦਾਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਸਰਕਾਰ ਵੱਲੋਂ ਕਿਸੇ ਰਾਹਤ ਦੀ ਉਮੀਦ ਕਰ ਰਹੇ ਸਨ, ਪਰ ਵਿਧਾਨ ਸਭਾ ਸੈਸ਼ਨ ਲੰਘ ਜਾਣ ਦੇ ਬਾਵਜੂਦ ਵੀ ਕਿਸਾਨਾਂ ਲਈ ਕੋਈ ਐਲਾਨ ਨਹੀਂ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਝੋਨੇ ਦੀ ਫਸਲ ਦੇ ਨੁਕਸਾਨ ਤੋਂ ਬਾਅਦ ਹੁਣ ਆਲੂਆਂ ਦੇ ਮੰਦੜੇ ਭਾਅ ਨੇ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਹੋਰ ਵੀ ਖਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਵੱਲੋਂ ਦੂਜੇ ਰਾਜਾਂ ਵਿਚ ਫਸਲ ਭੇਜਣ ਲਈ ਕਿਰਾਏ ‘ਤੇ ਸਬਸਿਡੀ ਦਿੱਤੀ ਜਾਂਦੀ ਸੀ ਜਾਂ ਮਾਰਕਫੈੱਡ ਰਾਹੀਂ ਖਰੀਦ ਕਰਵਾਈ ਜਾਂਦੀ ਸੀ, ਜਿਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲਦੀ ਸੀ।
ਮਨਪ੍ਰੀਤ ਸਿੰਘ ਕਲਾਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ ਅਤੇ ਸਿਰਫ਼ ਬਿਆਨਾਂ ਤੱਕ ਸੀਮਿਤ ਰਹਿ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਕਿਸਾਨਾਂ ਲਈ ਕੋਈ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਕਿਸਾਨਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਆਲੂਆਂ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ ਅਤੇ ਨੁਕਸਾਨ ਦੀ ਭਰਪਾਈ ਲਈ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।
