ਫੈਕਟਰੀ ਵਰਕਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਹਸਪਤਾਲ ਲਿਜਾਂਦਿਆਂ ਹੋਈ ਮੌਤ
Tuesday, Mar 10, 2026 - 06:30 PM (IST)
ਲੁਧਿਆਣਾ (ਰਾਜ): ਗੁੱਜਰ ਕਾਲੋਨੀ ਵਿਚ ਉਸ ਵੇਲੇ ਸਨਸਨੀ ਫ਼ੈਲ ਗਈ ਜਦੋਂ ਇਕ ਫੈਕਟਰੀ ਵਰਕਰ ਨੇ ਸ਼ੱਕੀ ਹਾਲਾਤ ਵਿਚ ਆਪਣੇ ਕਮਰੇ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਭਾਸ਼ ਵਜੋਂ ਹੋਈ ਹੈ, ਜੋ ਮੂਲ ਤੌਰ 'ਤੇ ਬਿਹਾਰ ਦੇ ਮੁਜੱਫਰਨਗਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ, ਸੁਭਾਸ਼ ਦੋ ਦਿਨ ਪਹਿਲਾਂ ਹੀ ਆਪਣੇ ਪਿਡ ਤੋਂ ਲੁਧਿਆਣਾ ਵਾਪਸ ਪਰਤਿਆ ਸੀ ਤੇ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕ ਲਵੇਗਾ।
ਮ੍ਰਿਤਕ ਦੇ ਭਰਾ ਵਿਵੇਕ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸੁਭਾਸ਼ ਉਸ ਦੇ ਨਾਲ ਹੀ ਰਹਿੰਦਾ ਸੀ। ਵਾਰਦਾਤ ਵਾਲੇਦਿਨ ਵਿਵੇਕ ਕੰਮ 'ਤੇ ਗਿਆ ਹੋਇਆ ਸੀ, ਉਦੋਂ ਹੀ ਉਸ ਨੂੰ ਘਰੋਂ ਫ਼ੋਨ ਆਇਆ ਕਿ ਸੁਭਾਸ਼ ਦੀ ਤਬੀਅਤ ਖ਼ਰਾਬ ਹੈ ਤੇ ਉਹ ਤੁਰੰਤ ਦਵਾਈ ਲੈ ਕੇ ਘਰ ਪਹੁੰਚੇ। ਜਦੋਂ ਵਿਵੇਕ ਘਰ ਪਹੁੰਚਿਆ ਤੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਸੁਬਾਸ਼ ਫਾਹੇ ਨਾਲ ਲਟਕ ਰਿਹਾ ਸੀ। ਵਿਵੇਕ ਨੇ ਤੁਰੰਤ ਉਸ ਨੂੰ ਹੇਠਾਂ ਉਤਾਰਿਆ। ਉਸ ਵੇਲੇ ਸੁਭਾਸ਼ ਦੇ ਸਾਹ ਚੱਲ ਰਹੇ ਸੀ, ਉਹ ਤੁਰੰਤ ਉਸ ਨੂੰ ਆਟੋ ਰਾਹੀਂ ਸਿਵਲ ਹਸਪਤਾਲ ਲੈ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਿਹਰਬਾਨ ਦੀ ਪੁਲਸ ਤੇ ਜਾਂਚ ਅਧਿਕਾਰੀ ਅਵਤਾਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਜਿਸ ਨਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤਕ ਖ਼ੁਲਾਸਾ ਨਹੀਂ ਹੋ ਸਕਿਆ ਹੈ। ਪੁਲਸ ਹੁਣ ਪਰਿਵਾਰ ਦੇ ਹੋਰ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।
