ਕਿਰਾਇਆ ਮੰਗਣ ''ਤੇ ਬੱਸ ਦੇ ਕੰਡਕਟਰ ਦੀ ਕੁੱਟਮਾਰ
Sunday, Mar 08, 2026 - 12:05 PM (IST)
ਸਾਹਨੇਵਾਲ/ਕੁਹਾੜਾ (ਜਗਰੂਪ)- ਬੱਸ ਦਾ ਕਿਰਾਇਆ ਮੰਗਣ ਤੇ ਕੰਡਕਟਰ ਦੀ ਬੁਰੀ ਤਰ੍ਹਾਂ ਕੁੱਟ ਮਾਰਨ ਕਰਨ ਦਾ ਮਾਮਲਾ ਸਾਹਮਣੇ ਆਇਆ। ਘਟਨਾ ਥਾਣਾ ਕੂਮ ਕਲਾਂ ਅਧੀਨ ਆਉਂਦੇ ਇਲਾਕਾ ਬਲੀਏਵਾਲ ਦੀ ਹੈ। ਥਾਣਾ ਪੁਲਸ ਨੂੰ ਜਾਣਕਾਰੀ ਦਿੰਦਿਆਂ ਕੰਡਕਟਰ ਸੁਖਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਘਰਖਣਾ ਥਾਣਾ ਸਮਰਾਲਾ ਨੇ ਦੱਸਿਆ ਕਿ ਉਹ ਢਿੱਲੋਂ ਬੱਸ ਸਰਵਿਸ ਦੇ ਵਿੱਚ ਬਤੌਰ ਕੰਡਕਟਰ ਟਿਕਟਾਂ ਕੱਟਦਾ ਹੈ।
ਸੁਖਵਿੰਦਰ ਨੇ ਦੱਸਿਆ ਕਿ ਉਸ ਦੀ ਬੱਸ ਦਾ ਰੂਟ ਮਾਛੀਵਾੜਾ ਸਾਹਿਬ ਤੋਂ ਬਸਤੀ ਜੋਧੇਵਾਲ ਤੱਕ ਦਾ ਹੈ।ਬੀਤੀ 28 ਫਰਵਰੀ ਨੂੰ ਜਦੋਂ ਉਸ ਦੀ ਬਸ ਲਾਸਟ ਗੇੜੇ ਕਰੀਬ 6 ਵਜੇ ਮਾਛੀਵਾੜਾ ਸਾਹਿਬ ਤੋਂ ਚੱਲੀ ਤਾਂ ਉਸ ਵਿਚ ਤਿੰਨ ਵਿਅਕਤੀ ਸਵਾਰ ਹੋਏ। ਸੁਖਵਿੰਦਰ ਨੇ ਦੱਸਿਆ ਕਿ ਜਦੋਂ ਉਹ ਬੱਸ ਵਿਚ ਟਿਕਟਾਂ ਕੱਟਦਾ ਕੱਟਦਾ ਉਹਨਾਂ ਤੱਕ ਪਹੁੰਚਿਆ ਤਾਂ ਉਹ ਤਿੰਨ ਜਣੇ ਇਕ ਸੀਟ ਤੇ ਬੈਠੇ ਸਨ, ਜਦੋਂ ਉਸਨੇ ਉਹਨਾਂ ਤੋਂ ਕਰਾਇਆ ਮੰਗਿਆ ਤਾਂ ਇਨ੍ਹਾਂ ਨੇ ਤਿੰਨਾਂ ਜਾਣਿਆਂ ਦਾ 60 ਰੁਪਏ ਕਿਰਾਇਆ ਦੇ ਦਿੱਤਾ। ਉਸ ਨੇ ਦੱਸਿਆ ਕਿ ਕਰਾਇਆ ਇਕ ਸਵਾਰੀ ਦਾ ਮਾਛੀਵਾੜਾ ਸਾਹਿਬ ਤੋਂ ਬਲੀਏਵਾਲ ਪਿੰਡ ਦਾ 30 ਰੁਪ ਹੈ। ਕੰਡਕਟਰ ਨੇ ਦੱਸਿਆ ਕਿ ਜਦੋਂ ਉਸਨੇ ਕਿਰਾਇਆ ਪੂਰਾ ਦੇਣ ਦੀ ਗੱਲ ਕਹੀ ਤਾਂ ਅੱਗੋਂ ਇਨ੍ਹਾਂ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ 'ਅਸੀਂ ਤਾਂ ਇੰਨੇ ਹੀ ਦਿੰਨੇ ਆਂ ਤੂੰ ਅੱਗੇ ਚੱਲ'। ਇੰਨਾ ਸੁਣ ਕੰਡਕਟਰ ਨੇ ਵਿਸਲ ਮਾਰ ਕੇ ਬਸ ਰੋਕ ਲਈ ਤੇ ਕਿਹਾ ਕਿ ਜੇਕਰ ਭਾਈ ਤੁਹਾਡੇ ਕੋਲ ਕਰਾਇਆ ਨਹੀਂ ਹੈ ਤਾਂ ਥੱਲੇ ਉਤਰ ਜਾਵੋ। ਇਸ ਥੋੜੀ ਜਿਹੀ ਬਹਿਸਬਾਜ਼ੀ ਤੋਂ ਬਾਅਦ ਨੌਜਵਾਨਾਂ ਨੇ ਉਸਨੂੰ 5/5 ਰੁਪਏ ਹੋਰ ਦੇ ਦਿੱਤੇ। ਕੰਡਕਟਰ ਨੇ ਦੱਸਿਆ ਕਿ ਉਹ ਆਪਣੇ ਕੰਮ ਚ ਚੱਲਦਾ ਹੋਇਆ ਅੱਗੇ ਵਧ ਗਿਆ। ਪਰ ਜਦੋਂ ਉਸ ਦੀ ਬਸ ਪਿੰਡ ਬਲੀਏਵਾਲ ਅੱਡੇ 'ਤੇ ਪਹੁੰਚੀ ਤਾਂ ਇਹਨਾਂ ਨੌਜਵਾਨਾਂ ਦੇ 10-15 ਸਾਥੀ ਉਸ ਦੀ ਬੱਸ ਵਿੱਚ ਚੜ ਗਏ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਕੰਡਕਟਰ ਸੁਖਵਿੰਦਰ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਰਲ ਕੇ ਪਹਿਲਾਂ ਬੱਸ ਵਿਚ ਉਸਨੂੰ ਕੁੱਟਿਆ ਅਤੇ ਫਿਰ ਥੱਲੇ ਉਤਾਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਥਾਣਾ ਕੂਮ ਕਲਾਂ ਦੀ ਪੁਲਸ ਨੇ ਸ਼ਿਕਾਇਤ 'ਤੇ ਪੰਜ ਨੌਜਵਾਨਾਂ ਮਾਨਵ, ਜਸਕਰਨ, ਕਰਮਵੀਰ, ਦੀਪੂ, ਜੱਸੀ ਸਾਰੇ ਵਾਸੀ ਪਿੰਡ ਬਲੀਏਵਾਲ ਅਤੇ ਹੋਰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
