PAN ਵਰਤ ਕੇ ਮਾਰ ਗਏ 2.30 ਕਰੋੜ ਦੀ ''ਠੱਗੀ'', ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਖੇਡੀ ਵੱਡੀ ਖੇਡ
Tuesday, Mar 10, 2026 - 03:01 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਥਾਣਾ ਸਦਰ ਦੇ ਅਧੀਨ ਜਾਅਲਸਾਜ਼ੀ ਦਾ ਇਕ ਅਜਿਹਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਸ਼ਾਤਰ ਠੱਗਾਂ ਨੇ ਚਾਲਾਕੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇਕ ਵਿਅਕਤੀ ਦੇ ਪੈਨ ਕਾਰਡ ਦੀ ਨਾ ਸਿਰਫ਼ ਗਲਤ ਵਰਤੋਂ ਕੀਤੀ ਸਗੋਂ ਉਸ ਦੇ ਨਾਂ 'ਤੇ ਕਰੋੜਾਂ ਦੀ ਪ੍ਰਾਪਰਟੀ ਦਾ ਖੇਡ ਵੀ ਖੇਡ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਕ ਬੇਹੱਦ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਦੇ ਪੈਨ ਕਾਰਡ ਨੰਬਰ ਦੀ ਵਰਤੋਂ ਕੀਤੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰ ਲਏ।
ਇਨ੍ਹਾਂ ਜਾਅਲਸਾਜ਼ਾਂ ਨੇ ਪੀੜਤ ਦੇ ਪੈਨ ਕਾਰਡ 'ਤੇ 2 ਲੱਖ ਰੁਪਏ ਦਾ ਟੀ.ਡੀ.ਐੱਸ. ਕਟਵਾ ਕੇ ਕਰੀਬ 2 ਕਰੋੜ 30 ਲੱਖ ਰੁਪਏ ਦੀ ਵੱਡੀ ਪ੍ਰਾਪਰਟੀ ਦੀ ਖਰੀਦੋ-ਫਰੋਖਤ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਨੇ ਇਸ ਪੂਰੀ ਖੇਡ ਨੂੰ ਅੰਜਾਮ ਦੇਣ ਲਈ ਪੀੜਤ ਦੀ ਇਕ ਜਾਅਲੀ ਪਾਵਰ ਆਫ ਅਟਾਰਨੀ ਵੀ ਤਿਆਰ ਕੀਤੀ ਸੀ ਤਾਂ ਜੋ ਕਾਗਜ਼ੀ ਕਾਰਵਾਈ ਵਿਚ ਕੋਈ ਰੁਕਾਵਟ ਨਾ ਆਵੇ। ਇਸ ਫਰਜ਼ੀਵਾੜੇ ਦਾ ਪਤਾ ਲੱਗਦਿਆਂ ਹੀ ਪੀੜਤ ਦੇ ਹੋਸ਼ ਉੱਡ ਗਏ ਅਤੇ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਸਦਰ ਦੀ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਲਜ਼ਮ ਚਮਕੌਰ ਸਿੰਘ, ਲਖਦੀਪ ਸਿੰਘ, ਮਨਵੀਰ ਸਿੰਘ, ਵਿੱਕੀ ਚੌਹਾਨ, ਬਲਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਰਾਜਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਹੁਣ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
