ਵਿਦੇਸ਼ ਤੋਂ ਪਰਤੇ 21 ਸਾਲਾ ਨੌਜਵਾਨ ਨੇ ਨਿਗਲੀ ਜ਼ਹਿਰੀਲੀ ਦਵਾਈ, ਮੌਤ
Saturday, Aug 01, 2020 - 06:28 PM (IST)
ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਇਥੋਂ ਨਜ਼ਦੀਕੀ ਪੈਂਦੇ ਪਿੰਡ ਨੋਰਾ ਜ਼ਿਲ੍ਹਾ ਸ਼ਹੀਦ ਭਗਤ ਨਗਰ ਵਿਖੇ 13 ਜੁਲਾਈ ਨੂੰ ਵਿਦੇਸ਼ ਤੋਂ ਪਰਤੇ 21 ਸਾਲਾ ਨੌਜਵਾਨ ਵੱਲੋਂ ਆਪਣੇ ਹੀ ਘਰ ਅੰਦਰ ਭੁਲੇਖੇ ਨਾਲ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਬੰਗਾ ਪੁਲਸ ਨੂੰ ਦਿੱਤੇ ਆਪਣੇ ਬਿਆਨਾ 'ਚ ਮ੍ਰਿਤਕ ਕਮਲਜੀਤ ਦੇ ਪਿਤਾ ਜਗਨੰਦਨ ਰਾਏ ਨੇ ਦੱਸਿਆ ਕਿ ਦੋ ਲੜਕੇ ਅਤੇ ਇਕ ਲੜਕੀ ਹੈ। ਕਮਲਜੀਤ ਸਭ ਤੋਂ ਛੋਟਾ ਸੀ ਅਤੇ ਬੀਤੀ 13 ਜੁਲਾਈ ਨੂੰ ਹੀ ਵਿਦੇਸ਼ ਤੋਂ ਘਰ ਵਾਪਸ ਪਰਤਿਆ ਸੀ ਅਤੇ 19 ਜੁਲਾਈ ਤੱਕ ਉਹ ਕੋਵਿਡ-19 ਤਹਿਤ ਕੁਆਰੰਟਾਈਨ ਹੋਣ ਉਪੰਰਤ ਘਰ ਵਾਪਸ ਆਇਆ ਸੀ ਅਤੇ ਉਸ ਦਿਨ ਤੋਂ ਹੀ ਘਰ ਅੰਦਰ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਲੜਕੇ ਨੇ ਪਹਿਲਾਂ ਉਨ੍ਹਾਂ ਕੋਲੋਂ ਚਾਹ ਮੰਗੀ ਅਤੇ ਉਸ ਉਪੰਰਤ ਦੁਪਹਿਰ 12.30 ਵਜੇ ਉਸ ਨੇ ਉਸ ਨੂੰ ਦਹੀਂ ਲੈਣ ਲਈ ਦੁਕਾਨ 'ਤੇ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਆ ਕੇ ਵੇਖਿਆ ਤਾਂ ਕਮਲਜੀਤ ਮੰਜੇ 'ਤੇ ਬੈਠਾ ਹੁਲਾਰੇ ਲੈ ਰਿਹਾ ਸੀ ਅਤੇ ਉਸ ਦੇ ਹੱਥ 'ਚ ਫੜੀ੍ਹ ਪਾਣੀ ਵਾਲੀ ਬੋਤਲ ਹੇਠਾ ਡਿੱਗ ਪਈ ਅਤੇ ਉਹ ਵੀ ਅੱਗੇ ਨੂੰ ਡਿੱਗ ਪਿਆ। ਇਸ ਦੇ ਨਾਲ ਹੀ ਉਹ ਉਲਟੀਆਂ ਕਰਨ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਉਸ ਨੇ ਤੁੰਰਤ ਪਿੰਡ ਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਬੰਗਾ ਪੁਹੰਚਾਇਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਨਵਾਂਸ਼ਹਿਰ ਵਿਖੇ ਰੈਫਰ ਕਰ ਦਿੱਤਾ। ਇਥੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਬੰਗਾ ਸਦਰ ਪੁਲਸ ਨੇ ਜਗਨੰਦਨ ਰਾਏ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਪੋਸਟਮਾਰਟਮ ਉਪੰਰਤ ਮ੍ਰਿਤਕ ਕਮਲਜੀਤ ਦੀ ਮ੍ਰਿਤਕ ਦੇਹ ਵਾਰਸਾ ਨੂੰ ਸੌਂਪ ਦਿੱਤੀ, ਜਿਸ ਉਪੰਰਤ ਪਵਾਰਕ ਮੈਬਰਾਂ ਨੇ ਪਿੰਡ ਨੋਰਾ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।