ਡਿੱਗੀ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ

Tuesday, Feb 24, 2026 - 04:53 PM (IST)

ਡਿੱਗੀ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ

ਅਬੋਹਰ (ਸੁਨੀਲ) : ਇੱਥੋਂ ਦੇ ਨੇੜਲੇ ਪਿੰਡ ਵਰਿਆਮਖੇੜਾ ’ਚ ਡਿੱਗੀ ’ਚ ਡਿੱਗਣ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਇਕ ਨੌਜਵਾਨ ਦੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਅਮਿਤ ਕੁਮਾਰ (29) ਪੁੱਤਰ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਉਹ ਅਣ-ਵਿਆਹਿਆ ਸੀ ਅਤੇ ਮੂਲ ਰੂਪ ’ਚ ਅਲੀਗੜ੍ਹ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਅਮਿਤ ਸ੍ਰੀ ਮੁਕਤਸਰ ਸਾਹਿਬ ’ਚ ਆਪਣੀ ਮਾਸੀ ਦੇ ਘਰ ਰਹਿੰਦਾ ਸੀ ਅਤੇ ਇਕ ਨਿੱਜੀ ਬੀਮਾ ਕਰਜ਼ਾ ਕੰਪਨੀ ’ਚ ਕੰਮ ਕਰਦਾ ਸੀ। ਦੋ ਦਿਨ ਪਹਿਲਾਂ ਉਹ ਆਪਣੇ ਦੋਸਤ ਰਾਹੁਲ ਨਾਲ ਇਕ ਜਾਣ-ਪਛਾਣ ਵਾਲੇ ਦੇ ਘਰ ਵਿਆਹ ’ਚ ਸ਼ਾਮਲ ਹੋਣ ਲਈ ਵਰਿਆਮਖੇੜਾ ਪਿੰਡ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅਮਿਤ ਨੂੰ ਮਿਰਗੀ ਦੇ ਦੌਰੇ ਪਏ ਸਨ।

ਬੀਤੀ ਰਾਤ ਉਸ ਨੂੰ ਅਚਾਨਕ ਮਿਰਗੀ ਦਾ ਦੌਰਾ ਪਿਆ, ਜਿਸ ਕਾਰਨ ਉਹ ਘਰ ’ਚ ਪਾਣੀ ਦੀ ਡਿੱਗੀ ’ਚ ਡਿੱਗ ਪਿਆ। ਉਸ ਸਮੇਂ ਘਰ ’ਚ ਕੋਈ ਵੀ ਮੌਜੂਦ ਨਹੀਂ ਸੀ। ਥੋੜ੍ਹੀ ਦੇਰ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਉੱਥੇ ਪਿਆ ਹੋਇਆ ਪਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ। ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਸੁਰੱਖਿਅਤ ਢੰਗ ਨਾਲ ਸੌਂਪ ਦਿੱਤਾ ਜਾਵੇ, ਤਾਂ ਜੋ ਇਸ ਨੂੰ ਕਰੀਬ 800 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਲਿਜਾਇਆ ਜਾ ਸਕੇ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।
 


author

Babita

Content Editor

Related News