ਵਿਦੇਸ਼ ਭੇਜਣ ਦੇ ਨਾਮ ''ਤੇ ਲੱਖਾਂ ਦੀ ਠੱਗੀ, ਪਤੀ-ਪਤਨੀ ਸਮੇਤ ਚਾਰ ਵਿਰੁੱਧ ਮਾਮਲਾ ਦਰਜ
Saturday, Feb 28, 2026 - 06:08 PM (IST)
ਮਲੋਟ(ਜੁਨੇਜਾ) : ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਦੀ ਠੱਗੀ ਮਾਰਨ ਦੇ ਇਕ ਮਾਮਲੇ ਦੀ ਜਾਂਚ ਉਪਰੰਤ ਥਾਣਾ ਸਿਟੀ ਮਲੋਟ ਦੀ ਪੁਲਸ ਨੇ ਪਤੀ-ਪਤਨੀ ਸਮੇਤ ਚਾਰ ਜਣਿਆਂ ਵਿਰੁੱਧ ਮੁਕੱਦਮਾਂ ਦਰਜ ਕੀਤਾ ਹੈ। ਇਸ ਸਬੰਧੀ ਕੁੰਦਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਾਦੀਆਂ ਨੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸਦੇ ਲੜਕੇ ਅਰਸ਼ਦੀਪ ਸਿੰਘ ਨੇ ਪਲੱਸ ਟੂ ਤੱਕ ਪੜ੍ਹਾਈ ਕੀਤੀ ਅਤੇ ਵਿਦੇਸ਼ ਜਾਣਾ ਚਾਹੁੰਦਾ ਸੀ । ਜਿਸ ਲਈ ਉਸਨੇ ਆਈਲੈਟਸ ਦਾ ਪੇਪਰ ਦਿੱਤਾ ਜਿਸ ਵਿਚੋਂ ਬੈਂਡ ਪੂਰੇ ਨਾ ਆਉਣ ਕਰਕੇ ਉਸਦਾ ਵੀਜ਼ਾ ਨਹੀਂ ਲੱਗਾ। ਉਸਦੇ ਰਿਸ਼ਤੇਦਾਰੀ ਵਿਚੋਂ ਸੰਪਰਕ ਵਿਚ ਹਰਪ੍ਰੀਤ ਕੌਰ ਪੁੱਤਰ ਨਛੱਤਰ ਸਿੰਘ ਵਾਸੀ ਸਰੀਂਹਵਾਲਾ ਜ਼ਿਲ੍ਹਾ ਫਿਰੋਜ਼ਪੁਰ ਜੋ ਕੈਨੇਡਾ ਰਹਿੰਦੀ ਸੀ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਸੁਖਚੈਣ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਦੇਵ ਨਗਰ ਫਿਰੋਜ਼ਪੁਰ ਅਤੇ ਉਸਦੀ ਪਤਨੀ ਪਰਮਜੀਤ ਸਿੰਘ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਉਹ ਖੁਦ ਵੀ ਉਨ੍ਹਾਂ ਰਾਹੀਂ ਹੀ ਕਨੈਡਾ ਗਈ ਹੈ।
ਹਰਪ੍ਰੀਤ ਕੌਰ ਦੇ ਪਿਤਾ ਨਛੱਤਰ ਸਿੰਘ ਨੇ ਉਨ੍ਹਾਂ ਦੀ ਮੁਲਾਕਾਤ ਸੁਖਚੈਣ ਸਿੰਘ ਨਾਲ ਕਰਾਈ। ਮਾਰਚ 2023 ਵਿਚ ਸੁਖਚੈਣ ਸਿੰਘ ਉਨ੍ਹਾਂ ਦੇ ਘਰ ਆਏ ਅਤੇ 22ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਪਹਿਲਾਂ ਦੁਬਈ ਭੇਜਿਆ ਜਾਵੇਗਾ ਅਤੇ ਫਿਰ ਅੱਗੇ ਕੈਨੇਡਾ ਦਾ ਵੀਜ਼ਾ ਲਵਾ ਕਿ ਭੇਜ ਦਿੱਤਾ ਜਾਵੇਗਾ। ਮੁਦਈ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਉਨ੍ਹਾਂ ਵੱਲੋਂ ਮੰਗੀ ਰਕਮ ਰਿਸ਼ਤੇਦਾਰੀ ਦੇ ਭਰੋਸੇ ਦੇ ਦਿੱਤੀ ਪਰ ਨਾ ਤਾਂ ਦੁਬਈ ਦਾ ਵੀਜ਼ਾ ਲਵਾਇਆ ਅਤੇ ਨਾ ਹੀ ਕੈਨੇਡਾ ਦਾ ਵੀਜ਼ਾ ਲਵਾਇਆ। ਬਾਅਦ ਵਿਚ ਉਕਤ ਵਿਅਕਤੀਆਂ ਨੇ ਪੈਸੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਪੀੜਤ ਧਿਰ ਦਾ ਦੋਸ਼ ਸੀ ਕਿ ਇਹ ਠੱਗੀ ਉਕਤ ਵਿਅਕਤੀਆਂ ਨੇ ਸਾਜਿਸ਼ ਤਹਿਤ ਹੀ ਠੱਗੀ ਮਾਰੀ। ਇਸ ਮਾਮਲੇ ਦੀ ਪੜਤਾਲ ਉਪਰੰਤ ਸਿਟੀ ਮਲੋਟ ਵਿਖੇ ਸੁਖਚੈਨ ਸਿੰਘ ਉਸਦੀ ਪਤਨੀ ਪਰਮਜੀਤ ਕੌਰ, ਹਰਪ੍ਰੀਤ ਕੌਰ ਪੁੱਤਰੀ ਨਛੱਤਰ ਸਿੰਘ ਅਤੇ ਬਿਕਰਮਜੀਤ ਸਿੰਘ ਵਿਰੁੱਧ ਧੋਖਾਧੜੀ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
