‘ਚਿੱਟੇ’ ਨਾਲ ਨੌਜਵਾਨ ਦੀ ਮੌਤ, ਪਰਿਵਾਰ ਦਾ ਦੋਸ਼, ਪੁਲਸ ਨੇ ਗੁੰਮਰਾਹ ਕਰਕੇ ਕੀਤਾ ਸਸਕਾਰ
Saturday, Feb 21, 2026 - 12:41 PM (IST)
ਤਲਵੰਡੀ ਸਾਬੋ (ਮੁਨੀਸ਼) : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇਲਾਕੇ ਅੰਦਰ ਬਹੁਤੀ ਸਫਲ ਹੁੰਦੀ ਦਿਖਾਈ ਨਹੀਂ ਦੇ ਰਹੀ। ਪਿਛਲੇ ਸਮਿਆਂ ’ਚ ‘ਚਿੱਟੇ’ ਨਾਲ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਤੋਂ ਬਾਅਦ ਹੁਣ ਉੱਪ ਮੰਡਲ ਦੇ ਪਿੰਡ ਸ਼ੇਖਪੁਰਾ ਵਿਖੇ ਇਕ ਨੌਜਵਾਨ ਦੇ ਚਿੱਟੇ ਦੀ ਭੇਟ ਚੜ੍ਹ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉੱਧਰ ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਮ੍ਰਿਤਕ ਨੌਜਵਾਨ ਦੇ ਮਾਤਾ ਨੇ ਅੱਜ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਮੌਜੂਦਗੀ ’ਚ ਸਥਾਨਕ ਪੁਲਸ ਪ੍ਰਸ਼ਾਸਨ ’ਤੇ ਕਥਿਤ ਦੋਸ਼ ਲਾਏ ਕਿ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦਾ ਕੱਲ੍ਹ ਅੰਤਿਮ ਸਸਕਾਰ ਕਰਵਾ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਗਈ। ਦੱਸਣਾ ਬਣਦਾ ਹੈ ਕਿ ਪਿੰਡ ਸ਼ੇਖਪੁਰਾ ਦੇ ਦੋ ਭੈਣਾਂ ਦੇ ਇਕਲੌਤੇ ਭਰਾ ਅਤੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਗੁਰਸੇਵਕ ਸਿੰਘ ਦੀ ਲਾਸ਼ ਬੀਤੇ ਦਿਨ ਤਲਵੰਡੀ ਸਾਬੋ ਦੀ ਅਨਾਜ ਮੰਡੀ ’ਚੋਂ ਭੇਤਭਰੀ ਹਾਲਤ ’ਚ ਮਿਲੀ ਸੀ। ਲਾਸ਼ ਕੋਲੋਂ ਟੀਕੇ ਦੇ ਰੈਪਰ ਵੀ ਮਿਲੇ ਸਨ।
ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਦੀ ਕਰੰਟ ਲੱਗਣ ਕਾਰਣ ਮੌਤ
ਬੀਤੇ ਕੱਲ੍ਹ ਪੁਲਸ ਅਤੇ ਪ੍ਰਸ਼ਾਸਨ ਨੇ ਪਰਿਵਾਰ ਦੀ ਸਹਿਮਤੀ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਵਾ ਦਿੱਤਾ ਪਰ ਅੱਜ ਜਦੋਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪੁੱਜੇ ਤਾਂ ਮ੍ਰਿਤਕ ਨੌਜਵਾਨ ਦੀ ਮਾਤਾ ਸੁਖਪਾਲ ਕੌਰ ਨੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਨਸ਼ਾ ਦੇ ਕੇ ਮਾਰਿਆ ਗਿਆ ਹੈ। ਉਨ੍ਹਾਂ ਨੇ ਸਥਾਨਕ ਪੁਲਸ ਅਧਿਕਾਰੀਆਂ ’ਤੇ ਇਲਜ਼ਾਮ ਲਾਏ ਕਿ ਜਦੋਂ ਪਰਿਵਾਰ ਸਦਮੇ ’ਚ ਸੀ ਤਾਂ ਬਿਨਾਂ ਕਿਸੇ ਕਾਰਵਾਈ ਤੋਂ ਮੇਰੇ ਪੁੱਤਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ। ਉਨ੍ਹ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਪੜਤਾਲ ਕਰਵਾ ਕੇ ਉਨ੍ਹਾਂ ਦੇ ਪੁੱਤਰ ਨੂੰ ਨਸ਼ਾ ਦੇ ਕੇ ਮਾਰਨ ਵਾਲੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਤੋਂ ਹਿਮਾਚਲ ਜਾਣ ਵਾਲਿਆਂ ਨੂੰ ਝਟਕਾ
ਉੱਧਰ ਇਸ ਮੌਕੇ ਇਕੱਤਰ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ’ਚ ਨਸ਼ਾ ਸ਼ਰੇਆਮ ਵਿਕਦਾ ਹੈ ਤੇ ਹੁਣ ਤਕ ਬਹੁਤ ਸਾਰੇ ਨੌਜਵਾਨ ਇਸ ਨਾ ਮੁਰਾਦ ਨਸ਼ੇ ਦੀ ਭੇਟ ਚੜ ਚੁੱਕੇ ਹਨ। ਉਧਰ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪੁੱਜੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਂ ’ਤੇ ਡਰਾਮੇਬਾਜ਼ੀ ਕਰ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਸ਼ੇਖਪੁਰਾ ’ਚ ਦੇਖਣ ਨੂੰ ਮਿਲੀ ਹੈ। ਪਰਿਵਾਰ ਮੁਤਾਬਿਕ ਪੁਲਸ ਨੂੰ ਨਸ਼ਾ ਵੇਚਣ ਵਾਲਿਆਂ ਜਾਂ ਨਸ਼ਾ ਕਰਵਾ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ। ਜਟਾਣਾ ਨੇ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਜੇਕਰ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਸਾਨੂੰ ਤਲਵੰਡੀ ਸਾਬੋ ਬੰਦ ਕਰ ਕੇ ਸੰਘਰਸ਼ ਕਰਨਾ ਪਵੇਗਾ।
ਕੀ ਕਹਿਣਾ ਡੀ. ਐੱਸ. ਪੀ. ਦਾ
ਉਧਰ ਦੂਜੇ ਪਾਸੇ ਹਰਪ੍ਰੀਤ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਨੂੰ ਹਲਫੀਆ ਬਿਆਨ ਦੇ ਕੇ ਦੱਸਿਆ ਕਿ ਨੌਜਵਾਨ ਦੀ ਮੋਟਰਸਾਈਕਲ ਤੋਂ ਡਿੱਗਣ ਕਰ ਕੇ ਮੌਤ ਹੋਈ ਹੈ, ਇਸ ਕਰ ਕੇ ਅਸੀਂ ਕੋਈ ਕਰਵਾਈ ਨਹੀਂ ਕਰਵਾਉਣੀ ਚਾਹੁੰਦੇ।
ਇਹ ਵੀ ਪੜ੍ਹੋ : BIG BREAKING : ਵਿਆਹ 'ਚ 'ਆਪ' ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
