ਪੱਟੀ ''ਚ ਖ਼ੌਫ਼ਨਾਕ ਵਾਰਦਾਤ: ਦਵਾਈ ਲੈ ਕੇ ਪਰਤ ਰਹੀ ਵਿਆਹੁਤਾ ਦੇ ਸਿਰ ''ਚ ਨੌਜਵਾਨ ਨੇ ਮਾਰੀ ਗੋਲੀ
Saturday, Feb 21, 2026 - 08:16 PM (IST)
ਪੱਟੀ (ਸੌਰਭ) - ਇਲਾਕੇ ਦੀ ਗਾਰਡਨ ਕਾਲੋਨੀ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਅਣਪਛਾਤੇ ਨੌਜਵਾਨ ਨੇ ਇੱਕ ਵਿਆਹੁਤਾ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਮਹਿਲਾ ਦੀ ਪਛਾਣ ਰੂਬੀ ਮਹਿਰਾ ਪਤਨੀ ਅੰਸ਼ ਗਰੋਵਰ (ਵਾਰਡ ਨੰਬਰ 17) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ, ਰੂਬੀ ਮਹਿਰਾ ਆਪਣੇ ਪਤੀ ਨਾਲ ਦਵਾਈ ਲੈ ਕੇ ਵਾਪਸ ਘਰ ਆ ਰਹੀ ਸੀ। ਜਦੋਂ ਉਹ ਘਰ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਐਕਟਿਵਾ ਸਵਾਰ ਹੋ ਕੇ ਆ ਰਹੇ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਰੋਕ ਲਿਆ। ਹਮਲਾਵਰ ਨੇ ਪਹਿਲਾਂ ਰੂਬੀ ਦੇ ਪਤੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰੂਬੀ ਨੇ ਆਪਣੇ ਪਤੀ ਨੂੰ ਬਚਾਉਣ ਲਈ ਵਿਚਾਲੇ ਪੈ ਕੇ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੌਜਵਾਨ ਨੇ ਰੂਬੀ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਰੂਬੀ ਨੂੰ ਤੁਰੰਤ ਸਿਵਲ ਹਸਪਤਾਲ ਪੱਟੀ ਪਹੁੰਚਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਰੂਬੀ ਦੀ ਦਾਦੀ ਸੱਸ ਰੇਣੂ ਬਾਲਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਮਲਾ ਬਹੁਤ ਅਚਾਨਕ ਹੋਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੱਟੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਫਿਲਹਾਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰ ਦਾ ਪਤਾ ਲਗਾਇਆ ਜਾ ਸਕੇ।
