ਨੌਜਵਾਨ ਨੂੰ ਲੁੱਟਣ ਦੇ ਦੋਸ਼ 'ਚ ਦੋ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

Saturday, Feb 21, 2026 - 04:03 PM (IST)

ਨੌਜਵਾਨ ਨੂੰ ਲੁੱਟਣ ਦੇ ਦੋਸ਼ 'ਚ ਦੋ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

ਅਬੋਹਰ (ਸੁਨੀਲ) : ਪੁਰਾਣੀ ਫਾਜ਼ਿਲਕਾ ਰੋਡ ’ਤੇ ਬੀਤੀ ਰਾਤ ਜੋਹੜੀ ਮੰਦਰ ਨੇੜੇ ਇੱਕ ਹਲਵਾਈ ਨੂੰ 3 ਨੌਜਵਾਨਾਂ ਵੱਲੋਂ ਹਮਲਾ ਕਰ ਜ਼ਖਮੀ ਕਰਨ ਅਤੇ ਲੁੱਟਣ ਦੇ ਮਾਮਲੇ ਵਿੱਚ ਸਿਟੀ ਥਾਣਾ ਨੰਬਰ-1 ਦੀ ਪੁਲਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀ ਰਾਜਨ ਪੁੱਤਰ ਯੋਗਰਾਜ ਵਾਸੀ ਭਗਵਾਨਪੁਰਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਅਤੇ ਉਹ ਰਾਤ ਇਕ ਵਜੇ ਦੇ ਕਰੀਬ ਜੋਹੜੀ ਮੰਦਰ ਨੇੜੇ ਪੈਲੇਸ ਤੋਂ ਆਪਣੀ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ।

ਇਸ ਦੌਰਾਨ ਤਿੰਨ ਨੌਜਵਾਨਾਂ ਨੇ ਉਸਦੇ ਮੋਟਰਸਾਈਕਲ ਨੂੰ ਰੋਕਿਆ, ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਉਸਦੀ ਨਕਦੀ ਲੁੱਟ ਲਈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਨੌਜਵਾਨਾਂ ਨੂੰ ਫੜ੍ਹਨ ਲਈ ਇੱਕ ਪੁਲਸ ਟੀਮ ਬਣਾਈ ਗਈ ਸੀ ਅਤੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਉਨ੍ਹਾਂ ਨੇ ਲੁੱਟ ਦੇ ਦੋਸ਼ੀਆਂ ਦੀ ਪਛਾਣ ਕੀਤੀ। ਇਸ ਵਿੱਚ ਪਾਇਆ ਗਿਆ ਕਿ ਬਾਬਾ ਕਲੋਨੀ ਵਾਸੀ ਵਿਕਾਸ ਕੁਮਾਰ ਪੁੱਤਰ ਪ੍ਰਮੋਦ ਕੁਮਾਰ ਅਤੇ ਸੰਤ ਨਗਰ ਵਾਸੀ ਰਾਜੀਵ ਕੁਮਾਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ 'ਤੇ ਪੁਲਸ ਨੇ ਇੱਕ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਦੋਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
 


author

Babita

Content Editor

Related News