ਲੱਖਾਂ ਦੇ ਗਹਿਣੇ ਤੇ ਤਿੰਨ ਦੇਸ਼ਾਂ ਦੀ ਕਰੰਸੀ ''ਗਾਇਬ''! ਚੰਡੀਗੜ੍ਹ ਤੋਂ ਪਰਤੇ ਪਰਿਵਾਰ ਦੇ ਉੱਡ ਗਏ ਹੋਸ਼

Friday, Feb 20, 2026 - 11:07 AM (IST)

ਲੱਖਾਂ ਦੇ ਗਹਿਣੇ ਤੇ ਤਿੰਨ ਦੇਸ਼ਾਂ ਦੀ ਕਰੰਸੀ ''ਗਾਇਬ''! ਚੰਡੀਗੜ੍ਹ ਤੋਂ ਪਰਤੇ ਪਰਿਵਾਰ ਦੇ ਉੱਡ ਗਏ ਹੋਸ਼

ਲੁਧਿਆਣਾ (ਰਾਜ): ਸ਼ਹਿਰ ਵਿਚ ਸ਼ਾਤਰ ਚੋਰਾਂ ਨੇ ਭਾਮੀਆਂ ਕਲਾਂ ਸਥਿਤ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਪਰਿਵਾਰ ਚੰਡੀਗੜ੍ਹ ਗਿਆ ਹੋਇਆ ਸੀ। ਜਦੋਂ ਘਰ ਦਾ ਮਾਲਕ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਤੋਂ ਵਾਪਸ ਪਰਤਿਆ ਤਾਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ। ਚੋਰਾਂ ਨੇ ਘਰ ਵਿਚ ਵੜਨ ਲਈ ਕਿਸੇ ਦਰਵਾਜ਼ੇ ਦਾ ਤਾਲਾ ਨਹੀਂ ਤੋੜਿਆ, ਸਗੋਂ ਬਹੁਤ ਹੀ ਸ਼ਾਤਰ ਤਰੀਕੇ ਨਾਲ ਡਰਾਇੰਗ ਰੂਮ ਦੀ ਖਿੜਕੀ ਦੀ ਵਰਤੋਂ ਕੀਤੀ। ਖਿੜਕੀ ਵਿਚ ਜਿੱਥੇ ਏਅਰ ਕੰਡੀਸ਼ਨਰ ਫਿੱਟ ਕਰਨ ਲਈ ਪਲਾਈਵੁੱਡ ਲਗਾਈ ਗਈ ਸੀ, ਚੋਰਾਂ ਨੇ ਉਸ ਨੂੰ ਉੱਥੋਂ ਹਟਾ ਦਿੱਤਾ ਅਤੇ ਘਰ ਦੇ ਅੰਦਰ ਦਾਖਲ ਹੋ ਗਏ। ਇਸ ਤੋਂ ਬਾਅਦ ਬੜੇ ਆਰਾਮ ਨਾਲ ਗਹਿਣਿਆਂ ਅਤੇ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਸ ਨੇ ਅਮਰੀਕ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਘਰ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਚੰਡੀਗੜ੍ਹ ਗਿਆ ਹੋਇਆ ਸੀ। ਜਦੋਂ ਉਹ ਇਕ ਹਫ਼ਤੇ ਬਾਅਦ ਵਾਪਸ ਘਰ ਪਹੁੰਚਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਦੰਗ ਰਹਿ ਗਿਆ। ਕਮਰੇ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਚੋਰਾਂ ਨੇ ਢਾਈ ਤੋਲੇ ਸੋਨੇ ਦਾ ਹਾਰ, ਚਾਰ ਸੋਨੇ ਦੀਆਂ ਚੂੜੀਆਂ, ਦੋ ਅੰਗੂਠੀਆਂ ਅਤੇ ਇਕ ਸੋਨੇ ਦੀ ਚੇਨ 'ਤੇ ਹੱਥ ਸਾਫ਼ ਕਰ ਦਿੱਤਾ। ਗਹਿਣਿਆਂ ਦੇ ਨਾਲ-ਨਾਲ ਚੋਰ ਘਰ ਵਿਚ ਰੱਖੀ ਭਾਰੀ ਨਕਦੀ ਅਤੇ ਵਿਦੇਸ਼ੀ ਕਰੰਸੀ ਵੀ ਸਮੇਟ ਕੇ ਲੈ ਗਏ। ਪੀੜਤ ਅਨੁਸਾਰ ਘਰੋਂ 1 ਲੱਖ 17 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਤੋਂ ਇਲਾਵਾ ਵਿਦੇਸ਼ੀ ਕਰੰਸੀ ਵਿਚ ਰੱਖੇ 530 ਕੈਨੇਡੀਅਨ ਡਾਲਰ, 430 ਆਸਟ੍ਰੇਲੀਅਨ ਡਾਲਰ ਅਤੇ 290 ਅਮਰੀਕੀ ਡਾਲਰ ਵੀ ਗਾਇਬ ਹਨ। ਸ਼ਾਤਰ ਚੋਰ ਸਿਰਫ਼ ਨਕਦੀ ਅਤੇ ਗਹਿਣਿਆਂ ਤੱਕ ਹੀ ਸੀਮਤ ਨਹੀਂ ਰਹੇ, ਉਹ ਘਰੋਂ ਇਕ ਕੰਪੈਕ ਕੰਪਨੀ ਦਾ ਲੈਪਟਾਪ ਅਤੇ ਤਿੰਨ ਮੋਬਾਈਲ ਫ਼ੋਨ ਵੀ ਚੋਰੀ ਕਰਕੇ ਲੈ ਗਏ ਹਨ। ਫਿਲਹਾਲ ਪੁਲਸ ਆਸ-ਪਾਸ ਦੇ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


author

Anmol Tagra

Content Editor

Related News