13 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼

Wednesday, Feb 18, 2026 - 06:00 PM (IST)

13 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼

ਮਾਛੀਵਾੜਾ ਸਾਹਿਬ (ਟੱਕਰ) : ਸਮਰਾਲਾ ਦਾ ਨਿਵਾਸੀ ਨੌਜਵਾਨ ਕਰਨਵੀਰ ਸਿੰਘ ਜੋ ਕਿ 13 ਦਿਨਾਂ ਤੋਂ ਲਾਪਤਾ ਸੀ ਦੀ ਲਾਸ਼ ਮਾਛੀਵਾੜਾ ਨੇੜੇ ਸਰਹਿੰਦ ਨਹਿਰ ਜੰਗਲੀ ਖੇਤਰ ਵਿਚੋਂ ਮਿਲੀ ਹੈ। ਨੌਜਵਾਨ ਦੀ ਮਾਤਾ ਅੰਮ੍ਰਿਤਪਾਲ ਕੌਰ ਵਲੋਂ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਕਿ ਉਸਦਾ ਪੁੱਤਰ ਕਰਨਵੀਰ ਸਿੰਘ ਲੰਘੀ 5 ਫਰਵਰੀ ਤੋਂ ਲਾਪਤਾ ਹੈ। ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਸ ਤੇ ਪਰਿਵਾਰਕ ਮੈਂਬਰਾਂ ਵਲੋਂ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ। ਮੋਬਾਇਲ ਦੀਆਂ ਲੋਕੇਸ਼ਨਾਂ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਇਹ ਨੌਜਵਾਨ ਆਪਣੇ ਦੋਸਤਾਂ ਨਾਲ ਖਮਾਣੋ ਗਿਆ ਸੀ ਜਿਸ ਤੋਂ ਬਾਅਦ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਨਸ਼ਾ ਕਰਨ ਦਾ ਆਦੀ ਸੀ ਜੋ 1 ਸਾਲ ਨਸ਼ਾ ਛੁਡਾਓ ਕੇਂਦਰ ਵਿਚ ਵੀ ਦਾਖਲ ਰਿਹਾ ਜੋ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਸੀ। 

ਪਰਿਵਾਰ ਤੇ ਪੁਲਸ ਵਲੋਂ ਜਦੋਂ ਉਸਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਕ ਨੇ ਜਾਣਕਾਰੀ ਦਿੱਤੀ ਕਿ ਉਸਦੀ ਮੌਤ ਹੋ ਗਈ ਜਿਸ ਕਾਰਨ ਉਸਦੀ ਲਾਸ਼ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ਵਿਚ ਸੁੱਟ ਦਿੱਤੀ ਹੈ। ਪਰਿਵਾਰਕ ਮੈਂਬਰ 2 ਦਿਨ ਤੋਂ ਲਾਸ਼ ਦੀ ਭਾਲ ਕਰ ਰਹੇ ਸਨ ਕਿ ਅੱਜ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਜੰਗਲੀ ਖੇਤਰ ’ਚੋਂ ਬਹੁਤ ਬਦਬੂ ਆ ਰਹੀ ਹੈ ਅਤੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਤੇ ਪਰਿਵਾਰਕ ਮੈਂਬਰ ਜਦੋਂ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਹ ਲਾਸ਼ ਕਰਨਵੀਰ ਸਿੰਘ ਦੀ ਸੀ ਜੋ ਕਿ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਸੀ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ। ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਨੌਜਵਾਨ ਕਰਨਵੀਰ ਸਿੰਘ ਨੂੰ ਕਤਲ ਕੀਤਾ ਗਿਆ ਹੈ ਜਾਂ ਉਸ ਨੂੰ ਨਸ਼ੇ ਦੀ ਓਵਰਡੋਜ ਦੇ ਕੇ ਮਾਰਿਆ ਗਿਆ ਹੈ। ਇਸ ਲਈ ਪੁਲਸ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਤਲ ਦਾ ਅਸਲ ਕਾਰਣ ਕੀ ਹੈ ਅਤੇ ਜੋ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News