ATM ਕਾਰਡ ਬਦਲ ਕੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਸ਼ਾਤਿਰ ਠੱਗ ਚੜ੍ਹੇ ਪੁਲਸ ਅੜਿੱਕੇ

11/19/2022 3:22:25 AM

ਖੰਨਾ (ਸੁਖਵਿੰਦਰ ਕੌਰ, ਕਮਲ, ਸੁਰੇਸ਼, ਸ਼ਾਹੀ) : ਖੰਨਾ ਪੁਲਸ ਵੱਲੋਂ ਐੱਸ.ਐੱਸ.ਪੀ. ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਅਧੀਨ ਪੁਲਸ ਨੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੇ ਤੀਜੇ ਦਿਨ ਵੀ ਜਾਮ ਕਰੀ ਰੱਖਿਆ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ, ਲੋਕ ਭੜਕੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਐੱਸ.ਐੱਚ.ਓ. ਸਿਟੀ-1 ਅਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਐੱਸ. ਪੀ. (ਆਈ) ਡਾ. ਪ੍ਰਗਿਆ ਜੈਨ, ਡੀ. ਐੱਸ. ਪੀ. ਜਸ਼ਨਦੀਪ ਸਿੰਘ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀ ਨਿਗਰਾਨੀ ਹੇਠ ਥਾਣੇਦਾਰ ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ 'ਚ ਸਮਾਧੀ ਚੌਕ ਖੰਨਾ ਮੌਜੂਦ ਸੀ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਵਜਿੰਦਰ ਪੁੱਤਰ ਰੌਸ਼ਨ ਲਾਲ ਅਤੇ ਸਿਕੰਦਰ ਪੁੱਤਰ ਧੂਪ ਸਿੰਘ ਦੋਵੇਂ ਵਾਸੀ ਵਾਰਡ ਨੰਬਰ-12 ਆਸ਼ਰਮ ਕਾਲੋਨੀ ਬਰਵਾਲਾ ਥਾਣਾ ਬਰਵਾਲਾ ਜ਼ਿਲ੍ਹਾ ਹਿਸਾਰ (ਹਰਿਆਣਾ) ਜੋ ਕਿ ਪੰਜਾਬ, ਹਰਿਆਣਾ ਅਤੇ ਵੱਖ-ਵੱਖ ਸੂਬਿਆਂ ’ਚੋਂ ਭੋਲੇ-ਭਾਲੇ ਲੋਕਾਂ ਅਤੇ ਬਜ਼ੁਰਗ ਵਿਅਕਤੀ ਜੋ ਬੈਂਕਾਂ ਦੇ ਏ.ਟੀ.ਐੱਮ. 'ਚੋਂ ਪੈਸੇ ਕਢਵਾਉਣ ਜਾਂਦੇ ਹਨ, ਕੋਲੋਂ ਧੋਖੇ ਨਾਲ ਉਨ੍ਹਾਂ ਦੇ ਏ.ਟੀ.ਐੱਮ. ਕਾਰਡ ਦਾ ਪਿਨ ਕੋਡ ਪਤਾ ਕਰਕੇ ਅਤੇ ਏ. ਟੀ. ਐੱਮ. ਬਦਲ ਕੇ ਉਨ੍ਹਾਂ ਦੇ ਬੈਂਕ ਖਾਤਿਆਂ 'ਚੋਂ ਪੈਸੇ ਕਢਵਾ ਕੇ ਭੋਲੇ-ਭਾਲੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਕਤ ਵਿਅਕਤੀ ਖੰਨਾ ਸ਼ਹਿਰ 'ਚ ਵੈਨਿਊ ਕਾਰ ਰੰਗ ਚਿੱਟਾ ’ਚ ਸਵਾਰ ਹੋ ਕੇ ਭੋਲੇ-ਭਾਲੇ ਵਿਅਕਤੀਆਂ ਨਾਲ ਧੋਖਾਦੇਹੀ ਕਰਨ ਲਈ ਘੁੰਮ ਰਹੇ ਹਨ।

ਇਹ ਵੀ ਪੜ੍ਹੋ : ਮਾਮੂਲੀ ਗੱਲ ਤੋਂ ਹੋਇਆ ਵਿਵਾਦ, ਅਹਾਤੇ ’ਚ ਬੈਠੇ ਨੌਜਵਾਨ ਦਾ ਕਰਿੰਦੇ ਨੇ ਚਾਕੂ ਮਾਰ ਕੱਟ'ਤਾ ਹੱਥ

ਇਸ ’ਤੇ ਕਾਰਵਾਈ ਕਰਦਿਆਂ ਵਜਿੰਦਰ ਪੁੱਤਰ ਰੋਸ਼ਨ ਲਾਲ ਤੇ ਸਿਕੰਦਰ ਪੁੱਤਰ ਧੂਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਦੋਵੇਂ ਮੁਲਜ਼ਮਾਂ ਪਾਸੋਂ ਵੱਖ-ਵੱਖ ਬੈਂਕਾਂ ਦੇ 72 ਏ.ਟੀ.ਐੱਮ. ਕਾਰਡ ਅਤੇ 1 ਸਵਾਈਪ ਮਸ਼ੀਨ ਤੇ 39 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਤਫਤੀਸ਼ ਦੌਰਾਨ ਇਨ੍ਹਾਂ ਪਾਸੋਂ ਬਰਾਮਦ ਹੋਈ ਐੱਚ.ਡੀ.ਐੱਫ.ਸੀ. ਬੈਂਕ ਦੀ ਸਵਾਈਪ ਮਸ਼ੀਨ ਨਾਲ ਜੁੜਿਆ ਖਾਤਾ, ਜਿਸ ਵਿਚ ਕਰੀਬ 80,000 ਰੁਪਏ ਸਨ, ਨੂੰ ਵੀ ਫਰੀਜ਼ ਕਰਵਾਇਆ ਜਾ ਚੁੱਕਾ ਹੈ। ਕਥਿਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕਰੀਬ 3-4 ਮਹੀਨਿਆਂ ਤੋਂ ਇਸ ਗੋਰਖਧੰਦੇ ’ਚ ਸ਼ਾਮਲ ਸਨ, ਜਿਨ੍ਹਾਂ ਨੇ ਹੁਣ ਤੱਕ ਭੋਲੇ-ਭਾਲੇ ਲੋਕਾਂ ਨਾਲ ਕਰੀਬ 6-6.50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਬੈਂਕ ਕਰਮਚਾਰੀਆਂ ਪਾਸੋਂ ਉਕਤ ਸਵਾਈਪ ਮਸ਼ੀਨ ਨੂੰ ਜਾਰੀ ਕਰਨ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਤੇ ਤਫਤੀਸ਼ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News