ਪ੍ਰਵਾਸੀ ਮਜ਼ਦੂਰਾਂ ''ਤੇ ਹਮਲਾ ਕਰਨ ਵਾਲੇ ਚੜ੍ਹੇ ਪੁਲਸ ਅੜਿੱਕੇ, ਪਿਸਤੌਲਾਂ ਤੇ ਹੈਂਡ ਗ੍ਰਨੇਡ ਬਰਾਮਦ
Tuesday, Feb 24, 2026 - 06:08 PM (IST)
ਮੋਗਾ (ਕਸ਼ਿਸ਼): ਮੋਗਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਪ੍ਰਵਾਸੀ ਮਜ਼ਦੂਰਾਂ ‘ਤੇ ਹਮਲਾ ਕਰਨ ਵਾਲੇ ਗੈਂਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਤੱਕ ਇਸ ਮਾਮਲੇ ਵਿਚ 13 ਦੋਸ਼ੀ ਕਾਬੂ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਦੋ ਜੰਮੂ-ਕਸ਼ਮੀਰ ਅਤੇ ਇਕ ਹਰਿਆਣਾ ਦੇ ਯਮੁਨਾਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਡੀ.ਆਈ.ਜੀ. ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੋਗਾ ਦੇ ਐੱਸ.ਐੱਸ.ਪੀ. ਅਜੇ ਗਾਂਧੀ, ਐੱਸ.ਪੀ. (ਡੀ) ਬਾਲ ਕ੍ਰਿਸ਼ਨ ਸਿੰਗਲਾ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ, ਡੀ.ਐੱਸ.ਪੀ. ਸੁਖਮਨਪ੍ਰੀਤ ਸਿੰਘ ਅਤੇ ਸੀ.ਆਈ.ਏ. ਸਟਾਫ ਦੀ ਟੀਮ ਵੀ ਮੌਜੂਦ ਸੀ।
ਪਿਛਲੇ ਦਿਨਾਂ ਮੋਗਾ ਦੇ ਜੀਰਾ ਰੋਡ ‘ਤੇ ਪ੍ਰਵਾਸੀ ਮਜ਼ਦੂਰਾਂ ‘ਤੇ ਗੋਲੀਬਾਰੀ ਦੇ ਮਾਮਲੇ ਵਿਚ ਮੋਗਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੋਸ਼ੀਆਂ ਕੋਲੋਂ .30 ਬੋਰ ਦੀਆਂ ਦੋ ਦੇਸੀ ਪਿਸਤੌਲਾਂ, ਮੈਗਜ਼ੀਨ, ਜਿੰਦਾ ਕਾਰਤੂਸ ਅਤੇ ਚਾਰ ਖਾਲੀ ਖੋਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਦੋ ਜਿੰਦਾ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ ਗਏ ਹਨ। ਇਹ ਕਾਰਵਾਈ ਪੰਜਾਬ ਵਿਚ ਚੱਲ ਰਹੇ ਵਿਸ਼ੇਸ਼ ਅਭਿਆਨ “ਆਪਰੇਸ਼ਨ ਪ੍ਰਹਾਰ” ਦੇ ਤਹਿਤ ਕੀਤੀ ਗਈ ਹੈ।
ਪੰਜਾਬ ਦੇ ਡੀ.ਜੀ.ਪੀ. ਦੇ ਹੁਕਮਾਂ ਅਤੇ ਆਈਜੀ ਫਰੀਦਕੋਟ ਰੇਂਜ ਅਤੇ ਐੱਸ.ਐੱਸ.ਪੀ. ਮੋਗਾ ਦੀ ਨਿਗਰਾਨੀ ਹੇਠ ਇਹ ਵੱਡੀ ਕਾਰਵਾਈ ਅੰਜਾਮ ਦਿੱਤੀ ਗਈ। ਗੌਰਤਲਬ ਹੈ ਕਿ 10 ਫਰਵਰੀ ਨੂੰ ਜੀਰਾ ਰੋਡ ‘ਤੇ ਕੰਮ ਤੋਂ ਵਾਪਸ ਆ ਰਹੇ ਦੋ ਪਰਵਾਸੀ ਮਜ਼ਦੂਰਾਂ ‘ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਬਾਰੀ ਕੀਤੀ ਸੀ। ਇਸ ਮਾਮਲੇ ਵਿਚ ਥਾਣਾ ਸਦਰ ਮੋਗਾ ਵਿਚ ਕਤਲ ਦੀ ਨੀਅਤ ਨਾਲ ਹਮਲਾ, ਆਰਮਜ਼ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਜਾਂਚ ਦੌਰਾਨ ਮੁੱਖ ਦੋਸ਼ੀ ਅਕਾਸਦੀਪ ਸਿੰਘ, ਜੋਬਨਪ੍ਰੀਤ ਸਿੰਘ ਅਤੇ ਸ਼ਾਹਵੀਰ ਸਿੰਘ ਸਮੇਤ ਕਈ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਪਿੰਡ ਦੇ ਨੇੜੇ ਨਹਿਰ ਕਿਨਾਰੇ ਲੁਕਾ ਕੇ ਰੱਖੇ ਦੋ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ ਗਏ। ਮੌਕੇ ‘ਤੇ ਬੰਬ ਨਿਰੋਧਕ ਦਸਤਾ ਬੁਲਾ ਕੇ ਗ੍ਰਨੇਡ ਨੂੰ ਸੁਰੱਖਿਅਤ ਢੰਗ ਨਾਲ ਡਿਫਿਊਜ਼ ਕੀਤਾ ਗਿਆ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਵਾਰਦਾਤ ਲਈ ਗੋਲਾ-ਬਾਰੂਦ ਜੰਮੂ-ਕਸ਼ਮੀਰ ਤੋਂ ਪ੍ਰਾਪਤ ਕੀਤਾ ਗਿਆ ਸੀ। ਇਸ ਸਬੰਧ ਵਿਚ ਹੋਰ ਦੋ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨਾਲ ਮੁਠਭੇੜ ਦੌਰਾਨ ਦੋਸ਼ੀਆਂ ਵੱਲੋਂ ਫਾਇਰਿੰਗ ਵੀ ਕੀਤੀ ਗਈ, ਜਿਸ ਤੋਂ ਬਾਅਦ ਵੱਖਰਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਅਨੁਸਾਰ ਗੈਂਗ ਦੇ ਹੋਰ ਲਿੰਕਾਂ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਮੌਕੇ ਡੀ.ਆਈ.ਜੀ. ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ।
