ਪਿਕਨਿਕ ਮਨਾਉਣ ਗਏ 2 ਨੌਜਵਾਨ ਨਹਿਰ ''ਚ ਡੁੱਬੇ, ਮੌਤ
Saturday, May 04, 2019 - 10:02 AM (IST)

ਮੋਰਨੀ (ਅਨਿਲ) : ਮੋਰਨੀ ਖੰਡ ਦੀ ਥਾਪਲੀ ਪੰਚਾਇਤ ਕੁਭਵਾਲਾ ਪਿੰਡ ਨੇੜੇ ਘੱਗਰ ਨਹਿਰ 'ਚ ਸ਼ੁੱਕਰਵਾਰ ਦੁਪਹਿਰ ਨੂੰ ਨਹਾਉਣ ਲਈ ਉਤਰੇ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਨੀਮਾਜਰਾ ਅਤੇ ਚੰਡੀਗੜ੍ਹ ਦੇ 8-10 ਦੋਸਤ ਮੋਰਨੀ ਪਿਕਨਿਕ ਮਨਾਉਣ ਲਈ ਗਏ ਸਨ, ਜਿਸ ਕਾਰਨ ਗਰਮੀ ਤੋਂ ਰਾਹਤ ਪਾਉਣ ਲਈ ਕੁਭਵਾਲਾ ਪਿੰਡ ਨੇੜੇ ਨਹਿਰ ਦੇ ਕੁੰਡ 'ਚ ਉਤਰ ਗਏ। ਨਹਿਰ 'ਚ ਨਹਾਉਣ ਗਏ ਚੰਦਰ ਥਾਪਾ ਪੁੱਤਰ ਨਰ ਬਹਾਦਰ ਵਾਸੀ ਮਨੀਮਾਜਰਾ, ਅਤੇ ਰਾਜਕੁਮਾਰ ਪੁੱਤਰ ਬਲ ਬਹਾਦਰ ਵਾਸੀ ਦੜਵਾ ਆਪਣੇ 2 ਭਰਾਵਾਂ ਅਤੇ ਦੋਸਤਾਂ ਨਾਲ ਗਏ ਸਨ। ਸਾਰੇ ਦੋਸਤ ਥਾਪਲੀ ਨੇੜੇ ਕੁਭਵਾਲਾ ਪਿੰਡ ਨੇੜੇ ਨਹਿਰ 'ਚ ਪਾਣੀ ਦੇ ਵੱਡੇ ਕੁੰਡ 'ਚ ਉਤਰ ਗਏ।
ਜਦੋਂ ਦੋਵੇਂ ਨੌਜਵਾਨ ਡੁੱਬਣ ਲੱਗੇ ਤਾਂ ਉਨ੍ਹਾਂ ਦੇ ਭਰਾ ਇੰਦਰ ਕੁਮਾਰ ਅਤੇ ਦੇਵ ਬਹਾਦਰ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਉਨ੍ਹਾਂ ਨੂੰ ਪਾਣੀ 'ਚੋਂ ਕੱਢਿਆ। ਪਿੰਡ ਦੇ ਸਰਪੰਚ ਸੁਨੀਲ ਸ਼ਰਮਾ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮ੍ਰਿਤਕਾਂ ਦੇ ਦੋਸਤਾਂ ਨੇ ਦੋਹਾਂ ਨੂੰ ਸੈਕਟਰ-6 ਹਸਪਤਾਲ 'ਚ ਭਰਤੀ ਕਰਾਇਆ, ਜਿੱਥੇ ਦੋਹਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।