ਜੰਗ ਵਿਚਾਲੇ ਦੁਬਈ ''ਚ ਫਸੇ ਬਠਿੰਡਾ ਦੇ ਮੁੰਡੇ, ਛੁੱਟੀਆਂ ਮਨਾਉਣ ਲਈ ਗਏ ਸੀ ਵਿਦੇਸ਼
Tuesday, Mar 03, 2026 - 06:17 PM (IST)
ਬਠਿੰਡਾ (ਵਿਜੇ ਵਰਮਾ): ਖਾੜੀ ਖੇਤਰ ਵਿਚ ਚੱਲ ਰਹੀ ਜੰਗ ਕਾਰਨ ਦੁਬਈ ਵਿਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਏਅਰਪੋਰਟ ਬੰਦ ਹੋਣ ਅਤੇ ਉਡਾਣਾਂ ਰੱਦ ਹੋਣ ਕਰਕੇ ਸੈਂਕੜਿਆਂ ਭਾਰਤੀਆਂ ਦੀ ਤਰ੍ਹਾਂ ਬਠਿੰਡੇ ਦੇ ਦੋ ਨੌਜਵਾਨ ਵੀ ਉੱਥੇ ਫਸ ਗਏ ਹਨ। ਦੋਵਾਂ ਨੇ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਕੋਲ ਸੁਰੱਖਿਅਤ ਵਾਪਸੀ ਲਈ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰ ਦੇ ਅਵਨੀਸ਼ ਗੋਇਲ ਅਤੇ ਦਰਪਣ ਬੰਸਲ 27 ਫਰਵਰੀ ਨੂੰ ਪੰਜ ਦਿਨ ਦੀਆਂ ਛੁੱਟੀਆਂ ਮਨਾਉਣ ਲਈ ਦੁਬਈ ਗਏ ਸਨ।
ਉਨ੍ਹਾਂ ਦੀ ਵਾਪਸੀ ਦੀ ਉਡਾਣ 4 ਮਾਰਚ ਲਈ ਬੁੱਕ ਸੀ, ਪਰ ਉੱਥੇ ਪਹੁੰਚਣ ਦੇ ਅਗਲੇ ਹੀ ਦਿਨ ਖੇਤਰ ਵਿਚ ਜੰਗ ਵਰਗੇ ਹਾਲਾਤ ਬਣ ਗਏ। ਸੁਰੱਖਿਆ ਕਾਰਨਾਂ ਕਰਕੇ ਏਅਰਪੋਰਟ ਬੰਦ ਕਰ ਦਿੱਤੇ ਗਏ ਅਤੇ ਸਾਰੀਆਂ ਫਲਾਈਟਾਂ ਰੱਦ ਹੋ ਗਈਆਂ, ਜਿਸ ਕਾਰਨ ਉਨ੍ਹਾਂ ਦੀ ਵਾਪਸੀ ਵੀ ਰੁਕ ਗਈ।ਵੀਡੀਓ ਸੰਦੇਸ਼ ਵਿਚ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਸਿਰਫ ਪੰਜ ਦਿਨਾਂ ਦੇ ਖਰਚੇ ਨਾਲ ਹੀ ਦੁਬਈ ਪਹੁੰਚੇ ਸਨ। ਅਚਾਨਕ ਬਣੇ ਹਾਲਾਤਾਂ ਕਾਰਨ ਹੁਣ ਉਨ੍ਹਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਹਿਣ-ਸਹਿਣ, ਖਾਣ-ਪੀਣ ਅਤੇ ਹੋਰ ਜ਼ਰੂਰੀ ਖਰਚਿਆਂ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਬਠਿੰਡੇ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਆਪਣੇ ਪਰਿਵਾਰ ਸਮੇਤ ਦੁਬਈ ਵਿਚ ਫਸ ਗਈ ਸੀ। ਉਨ੍ਹਾਂ ਨੇ ਵੀ ਵੀਡੀਓ ਜਾਰੀ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਮਦਦ ਦੀ ਅਪੀਲ ਕੀਤੀ ਸੀ। ਉਸ ਮਾਮਲੇ ਵਿੱਚ ਪੰਜਾਬ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਹੁਣ ਅਵਨੀਸ਼ ਗੋਇਲ ਅਤੇ ਦਰਪਣ ਬੰਸਲ ਨੇ ਵੀ ਪੰਜਾਬ ਸਰਕਾਰ ਕੋਲ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਜਲਦੀ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਬਠਿੰਡੇ ਦੇ ਵਪਾਰੀ ਨੇਤਾ ਅਮਿਤ ਕਪੂਰ ਕੋਲੋਂ ਵੀ ਸਹਾਇਤਾ ਦੀ ਗੁਹਾਰ ਲਗਾਈ ਹੈ। ਇੱਥੇ ਦੋਵਾਂ ਨੌਜਵਾਨਾਂ ਦੇ ਪਰਿਵਾਰ ਬਠਿੰਡੇ ਵਿੱਚ ਕਾਫੀ ਚਿੰਤਤ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਸੰਪਰਕ ਵਿੱਚ ਹਨ, ਪਰ ਅਣਿਸ਼ਚਿਤ ਹਾਲਾਤਾਂ ਕਾਰਨ ਮਨੋਵਿਗਿਆਨਕ ਤਣਾਅ ਵੱਧ ਰਿਹਾ ਹੈ। ਪਰਿਵਾਰਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਦੁਬਈ ਵਿੱਚ ਫਸੇ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਘਰ ਸੁਖ-ਸਲਾਮਤ ਪਹੁੰਚ ਸਕਣ।
