ਹਿਮਾਚਲ: ਉਪ ਮੁੱਖ ਮੰਤਰੀ ਨੇ ਚਿੰਤਪੂਰਨੀ ਤੋਂ ਦਿੱਲੀ ਲਈ ਵੋਲਵੋ ਬੱਸ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
Tuesday, May 09, 2023 - 06:26 PM (IST)
ਊਨਾ- ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਮਾਤਾ ਚਿੰਤਪੂਰਨੀ ਤੋਂ ਦਿੱਲੀ ਲਈ ਵੋਲਵੋ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਵੋਲਵੋ ਬੱਸ ਦੇ ਸ਼ੁਰੂ ਹੋਣ ਨਾਲ ਜਿੱਥੇ ਮਾਤਾ ਦੇ ਮੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਆਗਮਨ ਦੀ ਸੁਵਿਧਾ ਉਪਲੱਬਧ ਹੋਵੇਗੀ ਉਥੇ ਹੀ ਸੂਬੇ 'ਚ ਧਾਰਮਿਕ ਸੈਰ-ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚ.ਆਰ.ਟੀ.ਸੀ.) 'ਚ ਹਾਲ ਦੇ ਦਿਨਾਂ 'ਚ 11 ਵੋਲਵੋ ਬੱਸਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਨਿਗਮ ਦੇ ਬੇੜੇ 'ਚ ਕੁੱਲ 76 ਵੋਲਵੋ ਬੱਸਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਟਾਪਰੀ-ਚੰਡੀਗੜ੍ਹ ਏਅਰਪੋਰਟ, ਸ਼ਿਮਲਾ-ਜੈਪੁਰ, ਸ਼ਿਮਰਾ-ਸ਼੍ਰੀਨਗਰ ਅਤੇ ਸ਼ਿਮਰਾ-ਦਿੱਲੀ ਏਅਰਪੋਰਟ ਸਣੇ ਹੋਰ ਮਾਰਗਾਂ 'ਤੇ ਵੀ ਬੱਸਾਂ ਚਲਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਚਿੰਤਪੂਰਨੀ ਮਾਤਾ ਤੋਂ ਖਾਟੂਸ਼ਿਆਮ ਜੀ, ਬਾਬਾ ਬਾਲਕਨਾਥ ਜੀ ਤੋਂ ਅੰਮ੍ਰਿਤਸਰ, ਬਾਬਾ ਬਾਲਕਨਾਥ ਤੋਂ ਦਿੱਲੀ ਲਈ ਵੀ ਬੱਸ ਸੇਵਾ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਬੱਸ ਸੇਵਾਵਾਂ ਦੀਆਂ ਓਪਚਾਰਿਕਤਾਵਾਂ ਜਲਦ ਹੀ ਪੂਰੀਆਂ ਕਰ ਲਈਆਂ ਜਾਣਗੀਆਂ।