DGP ਤੇ ਮੁੱਖ ਸਕੱਤਰ ਨੂੰ ਕੀਤਾ ਜਾਵੇ ਮੁਅੱਤਲ: ਪਰਗਟ ਸਿੰਘ
Tuesday, Feb 17, 2026 - 10:44 AM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਮਹੇਸ਼)- ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮੋਗਾ ’ਚ ਆਮ ਆਦਮੀ ਪਾਰਟੀ ਦੀ ਰਾਜਨੀਤਕ ਰੈਲੀ ’ਚ ਡੀ.ਜੀ.ਪੀ. ਤੇ ਮੁੱਖ ਸਕੱਤਰ ਦੇ ਭਾਸ਼ਣਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਰਾਜਨੀਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰਾਜਨੀਤਕ ਰੈਲੀ ’ਚ ਸਟੇਜ ਤੋਂ ਅਧਿਕਾਰੀਆਂ ਵੱਲੋਂ ਅਜਿਹਾ ਖੁੱਲ੍ਹਾ ਭਾਸ਼ਣ ਨਾ ਸਿਰਫ਼ ਉਨ੍ਹਾਂ ਦੇ ਸੇਵਾ ਨਿਯਮਾਂ ਵਿਰੁੱਧ ਹੈ ਸਗੋਂ ਸੰਵਿਧਾਨ ਦੀ ਵੀ ਉਲੰਘਣਾ ਹੈ। ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ, ਡੀ.ਜੀ.ਪੀ. ਗੌਰਵ ਯਾਦਵ ਤੇ ਮੁੱਖ ਸਕੱਤਰ ਕੇ.ਪੀ. ਸਿਨਹਾ ਨੂੰ ਵੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੋਗਾ ’ਚ ਹੋਈ ਰੈਲੀ ਕੋਈ ਸਰਕਾਰੀ ਰੈਲੀ ਨਹੀਂ ਸੀ ਸਗੋਂ ਇਕ ਰਾਜਨੀਤਕ ਰੈਲੀ ਸੀ। ਜੇ ਇਹ ਇਕ ਸਰਕਾਰੀ ਰੈਲੀ ਸੀ ਤਾਂ ਪਾਰਟੀ ਨੇ ਰੈਲੀ ਦੇ ਬੈਨਰ ਤੇ ਝੰਡੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਤੇ ਪਲੇਟਫਾਰਮਾਂ ’ਤੇ ਕਿਉਂ ਸਾਂਝੇ ਕੀਤੇ? ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਇਸ ਸਰਕਾਰੀ ਰੈਲੀ ’ਚ ਕੀ ਕਰ ਰਹੇ ਸਨ?
ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਦੇ ਰਾਜਨੀਤੀਕਰਨ ਦਾ ਇਹ ਇਕ ਗੰਭੀਰ ਮਾਮਲਾ ਹੈ। ਇਕ ਸੇਵਾਦਾਰ ਇਕ ਰਾਜਨੀਤਕ ਰੈਲੀ ’ਚ ਸਟੇਜ ਤੋਂ ‘ਆਪ’ ਵਰਕਰਾਂ ਨੂੰ ਕਿਵੇਂ ਸੰਬੋਧਨ ਕਰ ਸਕਦਾ ਹੈ? ਰਾਜਪਾਲ ਤੇ ਕੇਂਦਰ ਸਰਕਾਰ ਨੂੰ ਇਨ੍ਹਾਂ ਅਧਿਕਾਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਣਾ ਚਾਹੀਦਾ ਹੈ।
