''ਆਪ੍ਰੇਸ਼ਨ ਪ੍ਰਹਾਰ'' ਦੀ ਨਿਕਲੀ ਫ਼ੂਕ! ਪੰਜਾਬ ''ਚ ਲੁਕਿਆ ਬੈਠਾ ਸੀ ਅਮਰੀਕਾ ਤੋਂ ਪਰਤਿਆ ਗੈਂਗਸਟਰ, ਦਿੱਲੀ ਪੁਲਸ ਨੇ ਕੀਤਾ ਗ੍ਰਿਫ਼ਤਾਰ
Friday, Feb 13, 2026 - 11:19 AM (IST)
ਲੁਧਿਆਣਾ (ਰਾਜ): ਦਿੱਲੀ ਦੇ ਇਕ ਕਾਰੋਬਾਰੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਖ਼ਤਰਨਾਕ (ਕੈਟਾਗਰੀ-ਬੀ) ਗੈਂਗਸਟਰ ਪੰਕਜ ਰਾਜਪੂਤ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਲੁਧਿਆਣਾ ਦੇ ਜਮਾਲਪੁਰ ਸਥਿਤ ਪੁਨੀਤ ਨਗਰ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਗਭਗ 16 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਨਾਮਜ਼ਦ ਇਹ ਖ਼ਤਰਨਾਕ ਅਪਰਾਧੀ ਪਿਛਲੇ ਪੰਜ ਦਿਨਾਂ ਤੋਂ ਆਪਣੇ ਇਕ ਰਿਸ਼ਤੇਦਾਰ ਦੇ ਘਰ ਬੇਖੌਫ਼ ਬੈਠਾ ਹੋਇਆ ਸੀ ਅਤੇ 72 ਘੰਟਿਆਂ ਤੋਂ 'ਆਪ੍ਰੇਸ਼ਨ ਪ੍ਰਹਾਰ' ਚਲਾ ਰਹੀ ਲੁਧਿਆਣਾ ਪੁਲਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ।
ਪੰਕਜ ਰਾਜਪੂਤ ਦਾ ਅਪਰਾਧਿਕ ਰਿਕਾਰਡ ਬਹੁਤ ਖ਼ੌਫ਼ਨਾਕ ਹੈ, ਉਸ ਦਾ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਵਰਗੇ ਵੱਡੇ ਗੈਂਗਾਂ ਨਾਲ ਸਿੱਧਾ ਸਬੰਧ ਹੈ ਅਤੇ ਉਹ ਲੰਬੇ ਸਮੇਂ ਤੋਂ ਪੁਲਸ ਦੀਆਂ ਅੱਖਾਂ ਵਿਚ ਧੂੜ ਪਾ ਰਿਹਾ ਸੀ। ਸਾਲ 2023 ਵਿਚ ਜ਼ਮਾਨਤ 'ਤੇ ਛੁੱਟਣ ਤੋਂ ਬਾਅਦ ਉਹ ਚਕਮਾ ਦੇ ਕੇ ਅਮਰੀਕਾ ਫਰਾਰ ਹੋ ਗਿਆ ਸੀ, ਪਰ ਉੱਥੋਂ ਪਰਤ ਕੇ ਉਹ ਫਿਰ ਤੋਂ ਪੰਜਾਬ ਵਿਚ ਆਪਣਾ ਨੈੱਟਵਰਕ ਸਰਗਰਮ ਕਰਨ ਵਿਚ ਜੁਟ ਗਿਆ। ਰਾਜਪੂਤ ਦੇ ਖ਼ਿਲਾਫ਼ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਸਮੇਤ ਸੰਗਰੂਰ, ਫਿਰੋਜ਼ਪੁਰ ਅਤੇ ਬਠਿੰਡਾ ਵਿਚ ਗੰਭੀਰ ਮਾਮਲੇ ਦਰਜ ਹਨ। ਇੰਨਾ ਹੀ ਨਹੀਂ, ਸਾਲ 2019 ਵਿਚ ਜਦੋਂ ਉਹ ਲੁਧਿਆਣਾ ਕੇਂਦਰੀ ਜੇਲ੍ਹ ਵਿਚ ਬੰਦ ਸੀ, ਉਦੋਂ ਵੀ ਉਸ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਲਾਖਾਂ ਦੇ ਪਿੱਛੇ ਰਹਿ ਕੇ ਵੀ ਉਸ ਦਾ ਦਬਦਬਾ ਘੱਟ ਨਹੀਂ ਹੋਇਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਪੰਕਜ ਰਾਜਪੂਤ ਦਾ ਨਾਂ ਕਈ ਪੁਰਾਣੇ ਮਾਮਲਿਆਂ ਵਿਚ ਫੜੇ ਗਏ ਮੁਲਜ਼ਮਾਂ ਦੀ ਪੁੱਛਗਿੱਛ ਵਿਚ ਸਾਹਮਣੇ ਆਉਂਦਾ ਰਿਹਾ ਹੈ, ਚਾਹੇ ਉਹ ਮੁਕੁਲ ਮੱਟੂ ਤੋਂ ਬਰਾਮਦ ਹੋਈ 1 ਕਿੱਲੋ ਤੋਂ ਵੱਧ ਹੈਰੋਇਨ ਹੋਵੇ ਜਾਂ ਜਗਰਾਓਂ ਮੁਕਾਬਲੇ ਵਿਚ ਫੜਿਆ ਗਿਆ ਰੋਸ਼ਨ ਸਿੰਘ, ਇਨ੍ਹਾਂ ਸਾਰਿਆਂ ਦੀਆਂ ਤਾਰਾਂ ਪੰਕਜ ਰਾਜਪੂਤ ਨਾਲ ਹੀ ਜੁੜੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਰਾਜਪੂਤ ਦਾ ਅਸਲੀ ਨੈੱਟਵਰਕ ਦਰੇਸੀ ਮੈਦਾਨ ਦੇ ਆਸ-ਪਾਸ ਦੇ ਇਲਾਕਿਆਂ ਵਿਚ ਫੈਲਿਆ ਹੋਇਆ ਹੈ, ਜਿੱਥੇ ਦਾ ਇਕ ਸਥਾਨਕ ਗੈਂਗਸਟਰ ਉਸ ਲਈ ਜ਼ਮੀਨ ਤਿਆਰ ਕਰਦਾ ਸੀ। ਹੁਣ ਦਿੱਲੀ ਪੁਲਸ ਦੀ ਪੁੱਛਗਿੱਛ ਵਿਚ ਇਸ ਅੰਤਰਰਾਜੀ ਡਰੱਗ ਅਤੇ ਹਥਿਆਰ ਤਸਕਰੀ ਨੈੱਟਵਰਕ ਨਾਲ ਜੁੜੇ ਕਈ ਵੱਡੇ ਸਫੇਦਪੋਸ਼ਾਂ ਅਤੇ ਹੋਰ ਗੈਂਗਸਟਰਾਂ ਦੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ।
