ਮਿਹਨਤਾਨਾ ਨਾ ਮਿਲਣ ’ਤੇ ਮਨਰੇਗਾ ਮੇਟਾਂ ਦਾ ਗੁੱਸਾ ਫੁੱਟਿਆ! BDPO ਦਾ ਦਫ਼ਤਰ ਘੇਰ ਕੇ ਦਿੱਤੀ ਵੱਡੀ ਚਿਤਾਵਨੀ

Friday, Feb 20, 2026 - 04:57 PM (IST)

ਮਿਹਨਤਾਨਾ ਨਾ ਮਿਲਣ ’ਤੇ ਮਨਰੇਗਾ ਮੇਟਾਂ ਦਾ ਗੁੱਸਾ ਫੁੱਟਿਆ! BDPO ਦਾ ਦਫ਼ਤਰ ਘੇਰ ਕੇ ਦਿੱਤੀ ਵੱਡੀ ਚਿਤਾਵਨੀ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਪਿੰਡਾਂ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਵਾਲੇ ਨੂਰਪੁਰਬੇਦੀ ਇਲਾਕੇ ਦੇ 130 ਤੋਂ ਵੱਧ ਮਨਰੇਗਾ ਮੇਟ ਪਿਛਲੇ 1 ਸਾਲ ਤੋਂ ਆਪਣਾ ਬਣਦਾ ਮਾਣਭੱਤਾ ਨਾ ਮਿਲਣ ਕਾਰਨ ਆਰਥਿਕ ਤੰਗੀ ’ਚੋਂ ਲੰਘ ਰਹੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਸੰਘਰਸ਼ ਦਾ ਰਾਹ ਅਖਿਤਆਰ ਕੀਤਾ ਹੈ। ਇਸੇ ਤਹਿਤ ਅੱਜ ਗੁਸਾਏ ਮੇਟਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ.) ਨੂਰਪੁਰਬਦੀ ਦੇ ਦਫ਼ਤਰ ਮੂਹਰੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਅਵਾਜ਼ ਬੁਲੰਦ ਕੀਤੀ।  ਪ੍ਰਦਰਸ਼ਨਕਾਰੀ ਮੇਟਾਂ ਨੇ ਦੱਸਿਆ ਕਿ 134 ਪਿੰਡਾਂ ਦੇ ਮੇਟਾਂ ਦਾ 100 ਦਿਨਾਂ ਦੇ ਰੁਜ਼ਗਾਰ ਤਹਿਤ 400 ਰੁਪਏ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਕਰੀਬ 53 ਲੱਖ 60 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ ਅਤੇ ਜੋ ਭੁਗਤਾਨ ਲਈ ਦਫ਼ਤਰੀ ਪ੍ਰਕਿਰਿਆ ’ਚ ਅਟਕਿਆ ਹੋਇਆ ਹੈ। ਇਸ ਦੌਰਾਨ ਰੋਸ ਵਜੋਂ ਮੇਟਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਜੇਕਰ ਸੋਮਵਾਰ ਤੱਕ ਤਨਖ਼ਾਹਾਂ ਖਾਤਿਆਂ ’ਚ ਨਾ ਪਈਆਂ ਤਾਂ ਮੰਗਲਵਾਰ ਤੋਂ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਕੇ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹਿਆ ਜਾਵੇਗਾ।

ਇਹ ਵੀ ਪੜ੍ਹੋ:ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ 25 ਫਰਵਰੀ ਤੱਕ ਵੱਡੀ ਭਵਿੱਖਬਾਣੀ

ਜ਼ਿਕਰਯੋਗ ਹੈ ਕਿ ਮਨਰੇਗਾ ਯੋਜਨਾ ਅਧੀਨ ਮੇਟ ਪਿੰਡ ਪੱਧਰ ’ਤੇ ਸਾਈਟ ਇੰਚਾਰਜ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੀਆਂ ਮੁੱਖ ਜ਼ਿੰਮੇਵਾਰੀਆਂ ’ਚ ਮਜ਼ਦੂਰਾਂ ਦੀ ਹਾਜ਼ਰੀ ਲਗਾਉਣਾ, ਮਸਟਰ ਰੋਲ ਸੰਭਾਲਣਾ, ਮਜ਼ਦੂਰੀ ਦਾ ਰਿਕਾਰਡ ਰੱਖਣਾ, ਕੰਮ ਦੀ ਮਾਪ-ਤੋਲ ਤੇ ਗੁਣਵੱਤਾ ਦੀ ਨਿਗਰਾਨੀ, ਸੁਰੱਖਿਆ ਨਿਯਮ ਲਾਗੂ ਕਰਵਾਉਣਾ ਅਤੇ ਅਧਿਕਾਰੀਆਂ ਅਤੇ ਮਜ਼ਦੂਰਾਂ ਵਿਚਕਾਰ ਸਾਂਝ ਬਣਾਈ ਰੱਖਣਾ ਸ਼ਾਮਲ ਹੈ। ਅਕਸਰ ਇਕ ਮੇਟ ਨੂੰ ਇਕੋ ਸਮੇਂ 40-50 ਮਜ਼ਦੂਰਾਂ ਦੀ ਦੇਖਭਾਲ ਕਰਨੀ ਪੈਂਦੀ ਹੈ, ਜਿਸ ਨਾਲ ਜ਼ਿੰਮੇਵਾਰੀ ਅਤੇ ਦਬਾਅ ਦੋਵੇਂ ਵੱਧ ਜਾਂਦੇ ਹਨ। ਮੇਟਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਯਮਤ ਕਰਮਚਾਰੀ ਦਾ ਦਰਜਾ ਨਹੀਂ ਮਿਲਦਾ, ਨਾ ਹੀ ਪੱਕੀ ਤਨਖ਼ਾਹ ਜਾਂ ਭੱਤੇ ਹਨ। ਕਈ ਵਾਰ ਯਾਤਰਾ ਖ਼ਰਚ, ਦਸਤਾਵੇਜ਼ੀ ਕਾਰਵਾਈ ਅਤੇ ਮੋਬਾਇਲ ਡਾਟਾ ਤੱਕ ਆਪਣੀ ਜੇਬ ਤੋਂ ਲਗਾਉਣਾ ਪੈਂਦਾ ਹੈ। ਡਿਜ਼ੀਟਲ ਹਾਜ਼ਰੀ ਅਤੇ ਰਿਪੋਰਟਿੰਗ ਪ੍ਰਣਾਲੀ ਨਾਲ ਕੰਮ ਦਾ ਬੋਝ ਵਧਿਆ ਹੈ ਪਰ ਮਾਣਭੱਤਾ ਦੇਰ ਨਾਲ ਮਿਲਣ ਕਰਕੇ ਉਨ੍ਹਾਂ ਲਈ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। 

ਇਹ ਵੀ ਪੜ੍ਹੋ: 'ਰੰਗਲਾ ਪੰਜਾਬ' ਹੁਣ 'ਖ਼ੂਨੀ ਪੰਜਾਬ' ਬਣਿਆ, 2027 'ਚ ਅਕਾਲੀ ਦਲ ਦੀ ਵਾਪਸੀ ਤੈਅ: ਬਿਕਰਮ ਮਜੀਠੀਆ

ਇਸ ਮੌਕੇ ਹਾਜ਼ਰ ਵਿਜੇ ਕੁਮਾਰ, ਕਮਲਜੀਤ ਕੌਰ, ਕੁਲਦੀਪ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਦਲਜੀਤ ਸਿੰਘ, ਪਰਵਿੰਦਰ ਸਿੰਘ, ਕੁਲਦੀਪ ਸਿੰਘ, ਕੁਲਜੀਤ ਕੌਰ, ਸਤੀਸ਼ ਕੁਮਾਰ ਅਤੇ ਸ਼ਮਸ਼ੇਰ ਸਿੰਘ ਆਦਿ ਮੇਟਾਂ ਨੇ ਦੋਸ਼ ਲਗਾਇਆ ਕਿ ਇਕ ਸਾਲ ਤੋਂ ਦਫਤਰੀ ਅਧਿਕਾਰੀ ਵਾਅਦੇ ਕਰਕੇ ਭੁਗਤਾਨ ਟਾਲਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ ਬਚਿਆ ਅਤੇ ਨਿਰਧਾਰਿਤ ਸਮੇਂ ’ਚ ਤਨਖਾਹ ਨਾ ਮਿਲਣ ’ਤੇ ਸਮੁੱਚਾ ਕੰਮ ਬੰਦ ਕੀਤਾ ਜਾਵੇਗਾ।

ਕੇਂਦਰ ’ਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਾਮਿਆਜਾ ਭੁਗਤ ਰਹੇ ਨੇ ਮੇਟ : ਗੌਰਵ ਰਾਣਾ
ਮੇਟਾਂ ਦੇ ਸਮਰਥਨ ’ਚ ਪਹੁੰਚੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਰਵਾਇਤੀ ਸਿਧਾਂਤ ਹੈ ਕਿ ਮਜ਼ਦੂਰ ਨੂੰ ਉਸ ਦੀ ਦਿਹਾੜੀ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਵੇ, ਪਰ ਇੱਥੇ ਹਾਲਾਤ ਇਹ ਹਨ ਕਿ ਮੇਟ ਪੂਰਾ ਇਕ ਸਾਲ ਤੋਂ ਆਪਣੀ ਮਿਹਨਤ ਦੀ ਕਮਾਈ ਲਈ ਉਡੀਕ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਅਤੇ ਕੇਂਦਰ ਦੋਵੇਂ ਸਰਕਾਰਾਂ ਦੀਆਂ ਗਲਤ ਨੀਤੀਆਂ ਇਸ ਦੇਰੀ ਲਈ ਜ਼ਿੰਮੇਵਾਰ ਹਨ। ਜਿਸਦਾ ਮੇਟਾਂ ਨੂੰ ਖਾਮਿਆਜਾ ਭੁਗਤਣਾ ਪੈ ਰਿਹਾ ਹੈ। ਰਾਣਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਤੁਰੰਤ ਭੁਗਤਾਨ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਹਰ ਮੋਰਚੇ ’ਤੇ ਮੇਟਾਂ ਦਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਮੇਟ ਸਾਹਮਣੇ ਆਏ ਹਨ ਜਦਕਿ ਫੰਡਾਂ ਦਾ ਭੁਗਤਾਨ ਨਾ ਹੋਣ ’ਤੇ ਜਲਦ ਸਰਪੰਚ ਵੀ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ:  ਪੌਣੀ ਬੋਤਲ ਸ਼ਰਾਬ ਪੀਣ ਵਾਲਾ ਹੁਣ ਰੱਬ ਦੀ ਕਚਹਿਰੀ ਦੇ ਫ਼ੈਸਲੇ ਦੱਸੇਗਾ: ਬਿਕਰਮ ਮਜੀਠੀਆ

ਫੰਡ ਹਾਸਲ ਹੋਣ ’ਤੇ ਤੁਰੰਤ ਤਨਖ਼ਾਹਾਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ : ਬੀ. ਡੀ. ਪੀ. ਓ.
ਬੀ. ਡੀ. ਪੀ. ਓ. ਨੂਰਪੁਰਬੇਦੀ ਅਮਰੀਕ ਸਿੰਘ ਨੇ ਕਿਹਾ ਕਿ ਉੱਪਰਲੇ ਪੱਧਰ ਤੋਂ ਫੰਡ ਜਾਰੀ ਨਹੀਂ ਹੋ ਰਹੇ ਹਨ। ਜਦਕਿ ਸਾਰੀ ਦਸਤਾਵੇਜ਼ੀ ਕਾਰਵਾਈ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਫੰਡ ਤਹਿਤ ਰਕਮ ਮਿਲੇਗੀ, ਤੁਰੰਤ ਮੇਟਾਂ ਦੇ ਖਾਤਿਆਂ ’ਚ ਤਨਖ਼ਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ 7 ਆਗੂਆਂ ਦੇ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News