ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੀ ਦੇਰੀ ਤੋਂ ਭੜਕੇ NPS ਮੁਲਾਜ਼ਮ, ਫੂਕਿਆ ਮੁੱਖ ਮੰਤਰੀ ਦਾ ਪੁਤਲਾ

Thursday, Feb 19, 2026 - 10:57 PM (IST)

ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੀ ਦੇਰੀ ਤੋਂ ਭੜਕੇ NPS ਮੁਲਾਜ਼ਮ, ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਤਲਵਾੜਾ (ਜੋਸ਼ੀ) - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਅਤੇ ਸੀ.ਪੀ.ਐੱਫ. ਕਰਮਚਾਰੀ ਯੂਨੀਅਨ,ਪੰਜਾਬ ਦੇ ਸੱਦੇ ’ਤੇ ਅੱਜ ਐੱਨ.ਪੀ.ਐੱਸ. ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ।

ਸਥਾਨਕ ਤਹਿਸੀਲ ਕੰਪਲੈਕਸ ਮੂਹਰੇ ਇਕੱਤਰ ਵੱਡੀ ਗਿਣਤੀ ਐੱਨ.ਪੀ.ਐੱਸ. ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਜਸਵੀਰ ਤਲਵਾੜਾ, ਵਿੱਤ ਸਕੱਤਰ ਵਰਿੰਦਰ ਵਿੱਕੀ, ਆਈ.ਟੀ. ਇੰਚਾਰਜ ਸੱਤ ਪ੍ਰਕਾਸ਼, ਨਰੇਸ਼ ਮਿੱਡਾ, ਮਨਜੀਤ ਸਿੰਘ ਸੈਣੀ, ਰਾਜੀਵ ਸ਼ਰਮਾ, ਸ਼ਸ਼ੀਕਾਂਤ ਅਤੇ ਪਿੰਕੀ ਬਡਿਆਲ ਆਦਿ ਨੇ ਪੰਜਾਬ ਸਰਕਾਰ ’ਤੇ ਚੋਣਾਂ ’ਚ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ ਦਾ ਜਿਹੜਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਸਰਕਾਰ ਉਸਨੂੰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ’ਚ ਪੂਰਾ ਕਰਨ ਵਿਚ ਨਾਕਾਮ ਸਿੱਧ ਹੋਈ ਹੈ।

ਇਸੇ ਕੜੀ ਤਹਿਤ ਅੱਜ ਪੰਜਾਬ ਭਰ ’ਚ ਬਲਾਕ ਪੱਧਰ ’ਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕ ਕੇ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ। ਸੰਘਰਸ਼ ਦੇ ਅਗਲੇ ਪੜਾਅ ’ਚ ਬਜਟ ਸੈਸ਼ਨ ਦੌਰਾਨ ਐੱਨ.ਪੀ.ਐੱਸ. ਮੁਲਾਜ਼ਮ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨਗੇ। ਸੰਘਰਸ਼ ਤੋਂ ਧਿਆਨ ਭਟਕਾਉਣ ਲਈ ਸਰਕਾਰ ਨੇ 2010 ਤੋਂ ਪਹਿਲਾਂ ਭਰਤੀ ਅਧਿਆਪਕਾਂ ’ਤੇ ਟੈੱਟ ਦੀ ਸ਼ਰਤ ਥੋਪ ਦਿੱਤੀ ਹੈ। ਆਗੂਆਂ ਨੇ ਸਰਕਾਰ ਨੂੰ ਤੁਰੰਤ ਟੈੱਟ ਦੀ ਸ਼ਰਤ ਖਿਲਾਫ ਵਿਧਾਨ ਸਭਾ ’ਚ ਆਰਡੀਨੈਂਸ ਲਿਆ ਕੇ ਰੱਦ ਕਰਨ ਦੀ ਮੰਗ ਕੀਤੀ। ਉੱਥੇ ਹੀ ਟੈੱਟ ਖਿਲਾਫ 22 ਤਾਰੀਕ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ’ਚ ਕੀਤੀ ਜਾ ਰਹੀ ਮਹਾਰੈਲੀ ਦਾ ਸਮਰਥਨ ਕੀਤਾ ਹੈ।

ਇਸ ਮੌਕੇ ਹਿਤੇਸ਼ ਸ਼ਰਮਾ, ਸੁਜਾਤਾ, ਕਰੁਣਾ ਪਰਿਹਾਰ, ਰਾਜਿੰਦਰ ਟੱਪਾ, ਰਾਮ ਕ੍ਰਿਸ਼ਨ, ਰਾਜੀਵ ਕੁਮਾਰ, ਪੰਕਜ ਸ਼ਰਮਾ, ਅਨੁਜ ਕੁਮਾਰ, ਰਘੁਵੀਰ ਸਿੰਘ, ਵਿਕਾਸ ਸ਼ਰਮਾ, ਦਵਿੰਦਰ ਸਿੰਘ ਸਹੋਤਾ ਆਦਿ ਹਾਜ਼ਰ ਸਨ।
 


author

Inder Prajapati

Content Editor

Related News