ਹਰਿਆਣਾ ਦੀ ਹਾਰ ਦਾ ਝਟਕਾ ਵਿਰੋਧੀ ਧਿਰ ਨੂੰ ਜ਼ਿਆਦਾ ਤਕਲੀਫ ਦੇਵੇਗਾ

Wednesday, Oct 09, 2024 - 03:11 PM (IST)

ਲੋਕ ਸਭਾ ਚੋਣਾਂ ’ਚ ਆਸ ਮੁਤਾਬਕ ਸਫਲਤਾ ਪਿੱਛੋਂ ਪਹਿਲੇ ਚੋਣ ਦੰਗਲ ’ਚ ਕਾਂਗਰਸ ਨੂੰ ਝਟਕਾ ਲੱਗਾ ਹੈ। ਇੰਝ ਕਹੋ ਕਿ 2029 ’ਚ ਦੇਸ਼ ’ਚ ਸੱਤਾ ਤਬਦੀਲੀ ਦੀ ਮੁਹਿੰਮ ਦੀ ਬੋਹਣੀ ਖਰਾਬ ਹੋਈ ਹੈ। ਹਰਿਆਣਾ ਦੇ ਅਣਕਿਆਸੇ ਨਤੀਜਿਆਂ ਪਿੱਛੋਂ ਵਿਰੋਧੀ ਧਿਰ ਕਾਂਗਰਸ ਨੇ ਚੋਣ ਨਤੀਜਿਆਂ ਦੀ ਜਾਇਜ਼ਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਦਾ ਜਵਾਬ ਦੇਣ ਦੀ ਥਾਂ ਚੋਣ ਕਮਿਸ਼ਨ ਨੇ ਬਸ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਇਸ ਦਲੀਲਬਾਜ਼ੀ ਅਤੇ ਨਤੀਜਿਆਂ ਦੀ ਜਾਂਚ ਕੀਤੇ ਬਿਨਾਂ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਚੋਣ ਨਤੀਜੇ ’ਤੇ ਕਿੰਨਾ ਭਰੋਸਾ ਕੀਤਾ ਜਾਵੇ ਪਰ ਜੇ ਇਸ ਨੂੰ ਲੋਕ ਫਤਵੇ ਦਾ ਅਕਸ ਮੰਨ ਲਈਏ ਤਾਂ ਇਸ ਲੋਕ ਫਤਵੇ ਨੂੰ ਇੰਝ ਵੀ ਦੇਖ ਸਕਦੇ ਹਾਂ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਸਬਕ ਸਿਖਾਉਣ ਪਿੱਛੋਂ ਹੁਣ ਜਨਤਾ ਨੇ ਵਿਰੋਧੀ ਧਿਰ ਨੂੰ ਵੀ ਚਿਤਾਵਨੀ ਦੇ ਦਿੱਤੀ ਹੈ।

ਜੰਮੂ-ਕਸ਼ਮੀਰ ਦੇ ਚੋਣ ਨਤੀਜਿਆਂ ਨੂੰ ਦੇਖ ਕੇ ‘ਇੰਡੀਆ’ ਗੱਠਜੋੜ ਉਤਸ਼ਾਹਿਤ ਹੋ ਸਕਦਾ ਹੈ। ਭਾਵੇਂ ਉਸ ਨੂੰ ਕਈ ਅੰਦਾਜ਼ਿਆਂ ਤੋਂ ਬਿਹਤਰ ਸੀਟਾਂ ਮਿਲੀਆਂ ਅਤੇ ਸਪੱਸ਼ਟ ਬਹੁਮਤ ਮਿਲਿਆ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੂੰ ਇੰਨਾ ਬਹੁਮਤ ਮਿਲਿਆ ਹੈ ਕਿ ਜੇ ਰਾਜਪਾਲ ਪੰਜ ਨਾਮਜ਼ਦਗੀ ਵਾਲੀਆਂ ਸੀਟਾਂ ’ਤੇ ਭਾਜਪਾ ਦੇ ਪਸੰਦੀਦਾ ਲੋਕਾਂ ਨੂੰ ਬਿਠਾ ਵੀ ਦੇਣ, ਤਦ ਵੀ ਉਸ ਨੂੰ ਫਰਕ ਨਹੀਂ ਪਵੇਗਾ। ਇਸ ਨਤੀਜੇ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਕਸ਼ਮੀਰਵਾਦੀ ’ਚ ਭਾਜਪਾ ਦੇ ਕਾਇਆਪਲਟ ਦੇ ਦਾਅਵੇ ਕਿੰਨੇ ਖੋਖਲੇ ਹਨ।

ਸੱਚ ਇਹ ਹੈ ਕਿ ਇੰਨੇ ਹਵਾਈ ਦਾਅਵਿਆਂ ਦੇ ਬਾਵਜੂਦ ਭਾਜਪਾ ਨੂੰ ਕਈ ਸੀਟਾਂ ’ਤੇ ਉਮੀਦਵਾਰ ਹੀ ਨਹੀਂ ਮਿਲੇ। ਜਿੱਥੇ ਉਮੀਦਵਾਰ ਮਿਲੇ ਤਾਂ ਉੱਥੇ ਵੋਟਾਂ ਨਹੀਂ ਮਿਲੀਆਂ ਅਤੇ ਜਿਸ-ਜਿਸ ਪਾਰਟੀ ’ਤੇ ਭਾਜਪਾ ਦੀ ਬੀ ਟੀਮ ਹੋਣ ਦਾ ਦਾਗ ਸੀ, ਜਨਤਾ ਨੇ ਉਨ੍ਹਾਂ ਨੂੰ ਖਾਰਿਜ ਕਰ ਦਿੱਤਾ ਹੈ। ਇਸ ’ਚ ਕੋਈ ਦੋ-ਰਾਵਾਂ ਨਹੀਂ ਕਿ ਕਸ਼ਮੀਰ ਵਾਦੀ ਦੀ ਜਨਤਾ ਧਾਰਾ 370 ਹਟਾਏ ਜਾਣ ਤੋਂ ਅਸ਼ਾਂਤ ਸੀ। ਜੰਮੂ-ਕਸ਼ਮੀਰ ਦੀ ਜਨਤਾ ਸੂਬੇ ਦਾ ਦਰਜਾ ਚਾਹੁੰਦੀ ਹੈ। ਕੇਂਦਰ ਸਰਕਾਰ ਨੂੰ ਇਹ ਸੰਦੇਸ਼ ਦੇਣ ਦੇ ਨਾਲ-ਨਾਲ ਜੰਮੂ ਦੀ ਜਨਤਾ ਨੇ ਕਾਂਗਰਸ ਦੀ ਕਮਜ਼ੋਰੀ ਨੂੰ ਵੀ ਸਵੀਕਾਰ ਨਹੀਂ ਕੀਤਾ ਅਤੇ ਇਕ ਵਾਰ ਫਿਰ ਖੇਤਰ ’ਚ ਭਾਜਪਾ ਨੂੰ ਚੰਗੀ ਸਫਲਤਾ ਮਿਲੀ ਹੈ ਪਰ ਸਿਰਫ ਜੰਮੂ ਦੇ ਦਮ ’ਤੇ ਅਤੇ ਕੁਝ ਲੁਕਵੇਂ ਸਹਿਯੋਗੀਆਂ ਦੇ ਸਹਾਰੇ ਸੂਬੇ ’ਚ ਰਾਜ ਕਰਨ ਦੇ ਮਨਸੂਬੇ ਸਫਲ ਨਹੀਂ ਹੋ ਸਕੇ।

ਪਰ ਜੰਮੂ ਅਤੇ ਕਸ਼ਮੀਰ ’ਚ ‘ਇੰਡੀਆ’ ਗੱਠਜੋੜ ਦੀ ਸਫਲਤਾ ਹਰਿਆਣਾ ’ਚ ਹੋਈ ਕਾਂਗਰਸ ਦੀ ਅਣਕਿਆਸੀ ਹਾਰ ਨੂੰ ਢੱਕ ਨਹੀਂ ਸਕਦੀ। ਜੰਮੂ ਅਤੇ ਕਸ਼ਮੀਰ ਦੀ ਸਿਆਸਤ ਅਨੋਖੀ ਹੈ ਅਤੇ ਉਸ ਦੇ ਆਧਾਰ ’ਤੇ ਬਾਕੀ ਦੇਸ਼ ਬਾਰੇ ਕੋਈ ਸਿੱਟਾ ਨਹੀਂ ਕੱਢਿਆ ਜਾ ਸਕਦਾ। ਉਂਝ ਵੀ ਉੱਥੋਂ ਦੀਆਂ ਚੋਣਾਂ ਇਕ ਖਾਸ ਹਾਲਾਤ ’ਚ ਹੋਈਆਂ ਸਨ। ਸੂਬੇ ਦੀ ਸੰਵਿਧਾਨਕ ਸਥਿਤੀ ਬਦਲ ਚੁੱਕੀ ਸੀ। ਹੁਣ ਚੋਣ ਖੇਤਰਾਂ ਦੀ ਨਵੀਂ ਹੱਦਬੰਦੀ ਹੋਈ ਸੀ ਅਤੇ ਪਾਰਟੀਆਂ ਵੀ ਬਦਲ ਗਈਆਂ ਸਨ। ਇਸ ਲਈ ਇਸ ਤੋਂ ਸੂਬੇ ਦੀ ਖਾਸ ਸਥਿਤੀ ਦਾ ਨਤੀਜਾ ਹੀ ਮੰਨਿਆ ਜਾਵੇਗਾ।

ਹਰਿਆਣਾ ਦੀ ਹਾਰ ਦਾ ਝਟਕਾ ਵਿਰੋਧੀ ਧਿਰ ਨੂੰ ਵੱਧ ਤਕਲੀਫ ਦੇਵੇਗਾ। ਇਹ ਨਤੀਜਾ ਬਹੁਤ ਅਣਕਿਆਸਿਆ ਸੀ। ਇਨ੍ਹਾਂ ਸਤਰਾਂ ਦੇ ਲੇਖਕ ਨੇ ਇਨ੍ਹਾਂ ਹੀ ਸਫਿਆਂ ’ਤੇ ਕਿਹਾ ਸੀ ਕਿ ਕਾਂਗਰਸ ਆਰਾਮ ਨਾਲ ਇਹ ਚੋਣ ਜਿੱਤਣ ਵਾਲੀ ਹੈ। ਇਹੀ ਰਾਇ ਸਾਰੇ ਵਿਸ਼ਲੇਸ਼ਕਾਂ ਅਤੇ ਐਗਜ਼ਿਟ ਪੋਲ ਦੀ ਵੀ ਸੀ। ਇਸ ਲਈ ਇੱਥੋਂ ਦੀ ਚੋਣਾਵੀ ਹਾਰ ਸਿਆਸੀ ਤੌਰ ’ਤੇ ਜ਼ਿਆਦਾ ਚੁੱਭੇਗੀ। ਤਕਨੀਕੀ ਤੌਰ ’ਤੇ ਦੇਖੀਏ ਤਾਂ ਹਾਰ ਵੱਡੀ ਹੈ ਨਹੀਂ। ਵੋਟਾਂ ਦੇ ਨਜ਼ਰੀਏ ਤੋਂ ਕਾਂਗਰਸ ਅਤੇ ਭਾਜਪਾ ’ਚ ਕੋਈ ਫਰਕ ਨਹੀਂ ਹੈ। ਸੀਟਾਂ ’ਚ ਵੱਡਾ ਫਾਸਲਾ ਹੈ ਪਰ ਵੋਟਾਂ ਬਰਾਬਰ ਹਨ। ਪਿਛਲੀਆਂ ਚੋਣਾਂ ਦੀ ਤੁਲਨਾ ’ਚ ਕਾਂਗਰਸ ਦੀਆਂ ਵੋਟਾਂ ਵੀ ਵੱਧ ਰਹੀਆਂ ਹਨ ਅਤੇ ਸੀਟਾਂ ਵੀ ਪਰ ਅਖੀਰ ਇਹ ਸਭ ਤਸੱਲੀ ਦੇਣ ਵਾਲੀ ਅੰਕੜੇਬਾਜ਼ੀ ਮੰਨੀ ਜਾਵੇਗੀ। ਲੋਕਾਂ ਨੂੰ ਇਹੀ ਯਾਦ ਰਿਹਾ ਕਿ ਇਕ ਚੋਣ ਜੋ ਕਾਂਗਰਸ ਜਿੱਤ ਸਕਦੀ ਸੀ, ਉਹ ਹਾਰ ਗਈ। ਸਿਆਸਤ ਚੜ੍ਹਦੇ ਸੂਰਜ ਨੂੰ ਸਲਾਮ ਕਰਦੀ ਹੈ।

ਇਸ ਨਤੀਜੇ ਦਾ ਸਿੱਧਾ ਅਸਰ ਮਹਾਰਾਸ਼ਟਰ ਅਤੇ ਝਾਰਖੰਡ ਦੇ ਵੋਟਰ ’ਤੇ ਤਾਂ ਨਹੀਂ ਪਵੇਗਾ ਪਰ ‘ਇੰਡੀਆ’ ਗੱਠਜੋੜ ਦੇ ਵਰਕਰਾਂ ਦੇ ਮਨੋਬਲ ’ਤੇ ਇਸ ਦਾ ਅਸਰ ਜ਼ਰੂਰ ਪਵੇਗਾ। ਦੇਸ਼ ਦੇ ਸਿਆਸੀ ਮੂਡ ਨੂੰ ਬਦਲਣ ਲਈ ਇਸ ਦੀ ਵਰਤੋਂ ਹੋਵੇਗੀ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦਾ ਉਤਸ਼ਾਹ ਵਧੇਗਾ। ਜਦ ਤਕ ਮਹਾਰਾਸ਼ਟਰ ਅਤੇ ਝਾਰਖੰਡ ਦੇ ਨਤੀਜੇ ਨਹੀਂ ਆ ਜਾਂਦੇ, ਤਦ ਤਕ ਇਸ ਦਾ ਪਰਛਾਵਾਂ ਦੇਸ਼ ਦੇ ਸਿਆਸੀ ਮੂਡ ’ਤੇ ਰਹੇਗਾ। ਇਨ੍ਹਾਂ ਨਤੀਜਿਆਂ ਦੀ ਵਰਤੋਂ ਲੋਕ ਸਭਾ ਚੋਣਾਂ ਦੇ ਬਾਅਦ ਤੋਂ ਹੀ ਬੁਝੇ-ਬੁਝੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਸੁਧਾਰਨ ਲਈ ਵੀ ਕੀਤੀ ਜਾਵੇਗੀ। ਸੱਚ ਇਹ ਹੈ ਕਿ ਪ੍ਰਧਾਨ ਮੰਤਰੀ ਦਾ ਇਸ ਨਤੀਜੇ ’ਚ ਕੋਈ ਖਾਸ ਯੋਗਦਾਨ ਨਹੀਂ ਹੈ। 

ਸੱਚ ਇਹ ਹੈ ਕਿ ਖੁਦ ਭਾਜਪਾ ਨੇ ਪ੍ਰਧਾਨ ਮੰਤਰੀ ਨੂੰ ਵੀ ਇਸ ਚੋਣ ਹਾਰ ਦੀ ਸੰਭਾਵਨਾ ਤੋਂ ਬਚਾਈ ਰੱਖਿਆ ਸੀ ਕਿ ਸੂਬੇ ’ਚ ਉਨ੍ਹਾਂ ਦੀਆਂ ਸਿਰਫ ਚਾਰ ਰੈਲੀਆਂ ਹੋਈਆਂ ਸਨ ਅਤੇ ਹੋਰਡਿੰਗ ਤੋਂ ਪ੍ਰਧਾਨ ਮੰਤਰੀ ਦੀ ਵੱਡੀ ਤਸਵੀਰ ਅਤੇ ਉਨ੍ਹਾਂ ਦੀ ਗਾਰੰਟੀ ਗਾਇਬ ਸੀ ਪਰ ਭਾਜਪਾ ਦਾ ਪ੍ਰਚਾਰ ਤੰਤਰ ਹੁਣ ਇਸ ਨੂੰ ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਦੇ ਸਬੂਤ ਵਜੋਂ ਪੇਸ਼ ਕਰੇਗਾ। ਇਸੇ ਤਰ੍ਹਾਂ ਹੀ ਇਸ ਨਤੀਜੇ ਨੂੰ ਰਾਹੁਲ ਗਾਂਧੀ ਦੀ ਵਧਦੀ ਹਰਮਨਪਿਆਰਤਾ ’ਚ ਬ੍ਰੇਕ ਦੀ ਤਰ੍ਹਾਂ ਪੇਸ਼ ਕੀਤਾ ਜਾਵੇਗਾ।

ਇਹ ਗੱਲ ਵੀ ਤੱਥ ਤੋਂ ਦੂਰ ਹੈ। ਸੱਚ ਇਹ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਲੋਕ ਸਭਾ ਚੋਣਾਂ ’ਚ ਬਿਹਤਰ ਪ੍ਰਦਰਸ਼ਨ ਦੇ ਕਾਰਨ ਹੀ ਕਾਂਗਰਸ ਸੂਬੇ ’ਚ ਭਾਜਪਾ ਵਿਰੋਧੀ ਵੋਟਾਂ ਦੀ ਧੁਰੀ ਬਣ ਸਕੀ। ਰਾਹੁਲ ਗਾਂਧੀ ਦੀ ਇਨ੍ਹਾਂ ਚੋਣਾਂ ’ਚ ਸੀਮਤ ਭੂਮਿਕਾ ਸੀ ਅਤੇ ਉਸ ਨਾਲ ਕਾਂਗਰਸ ਨੂੰ ਫਾਇਦਾ ਹੀ ਹੋਇਆ ਹੈ। ਜੇ ਰਾਹੁਲ ਗਾਂਧੀ 36 ਬਿਰਾਦਰੀ ਦੀ ਸਰਕਾਰ ਦੇ ਆਪਣੇ ਵਾਅਦੇ ਨੂੰ ਜ਼ਿਆਦਾ ਜ਼ੋਰ ਨਾਲ ਪੇਸ਼ ਕਰਦੇ ਤਾਂ ਕਾਂਗਰਸ ਦੀ ਸਥਿਤੀ ਬਿਹਤਰ ਹੁੰਦੀ। ਖਰਾਬ ਸ਼ੁਰੂਆਤ ਦਾ ਮਤਲਬ ਇਹ ਨਹੀਂ ਕਿ ‘ਇੰਡੀਆ’ ਗੱਠਜੋੜ ਆਉਣ ਵਾਲੀਆਂ ਚੋਣਾਂ ’ਚ ਸਫਲ ਨਹੀਂ ਹੋਵੇਗਾ। ਚੋਣਾਂ ਦੀ ਜਾਇਜ਼ਤਾ ’ਤੇ ਉੱਠੇ ਸਵਾਲਾਂ ਤੋਂ ਇਲਾਵਾ ਵਿਰੋਧੀ ਧਿਰ ਨੂੰ ਆਪਾ-ਪੜਚੋਲ ਵੀ ਕਰਨੀ ਪਵੇਗੀ। ਇਕ ਅਰਥ ’ਚ ਇਸ ਨਤੀਜੇ ਨਾਲ ਲੋਕ ਫਤਵੇ ਦਾ ਇਮਤਿਹਾਨ ਮਹਾਰਾਸ਼ਟਰ ਅਤੇ ਝਾਰਖੰਡ ਦੇ ਚੋਣ ਨਤੀਜਿਆਂ ਤਕ ਚਲਾ ਗਿਆ ਹੈ ਪਰ ਇਸ ਸਵਾਲ ਤੋਂ ਕੋਈ ਵੀ ਰਾਇ ਬਣਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਹਰਿਆਣਾ ਚੋਣਾਂ ਦੇ ਨਤੀਜਿਆਂ ’ਤੇ ਉੱਠ ਰਹੇ ਸਵਾਲਾਂ ਦਾ ਤਸੱਲੀਬਖਸ਼ ਹੱਲ ਹੋਵੇ, ਨਹੀਂ ਤਾਂ ਭਾਰਤੀ ਜਮਹੂਰੀਅਤ ਲਈ ਅਸ਼ੁੱਭ ਸੰਕੇਤ ਹੋਵੇਗਾ।

-ਯੋਗੇਂਦਰ ਯਾਦਵ


Tanu

Content Editor

Related News