ਬਿਹਾਰ ਨਤੀਜਾ : ਰਾਜਨੀਤੀ ਦਾ ਨਵਾਂ ਅਧਿਆਏ

Monday, Nov 17, 2025 - 05:18 PM (IST)

ਬਿਹਾਰ ਨਤੀਜਾ : ਰਾਜਨੀਤੀ ਦਾ ਨਵਾਂ ਅਧਿਆਏ

ਇਸ ਵਾਰ ਬਿਹਾਰ ਇਕ ਨਵੇਂ ਉਜਾਲੇ ਅਤੇ ਬਿਲਕੁੱਲ ਨਵੇਂ ਆਤਮਵਿਸ਼ਵਾਸ ਨਾਲ ਜਾਗਿਆ ਹੈ। ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਦੇ ਨਾਲ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਜਨਤਾ ਨੇ ਇਸ ਵਾਰ ਸਿਰਫ ਵੋਟ ਨਹੀਂ ਪਾਈ, ਆਪਣੀ ਰਾਜਨੀਤੀ ਦੀ ਦਿਸ਼ਾ ਖੁਦ ਤੈਅ ਕੀਤੀ ਹੈ। ਕਿਉਂਕਿ ਸ਼ੁਰੂਆਤੀ ਰੁਝਾਨਾਂ ਤੋਂ ਲੈ ਕੇ ਅੰਤਿਮ ਤਸਵੀਰ ਤੱਕ ਪੂਰਾ ਦ੍ਰਿਸ਼ ਇਕ ਸੰਦੇਸ਼ ਦੇ ਰਿਹਾ ਸੀ ਕਿ ਬਿਹਾਰ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੁੰਦਾ।

ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਨੇ ਸ਼ਾਇਦ ਖੁਦ ਵੀ ਇੰਨੀ ਵਿਸ਼ਾਲ ਜਿੱਤ ਦੀ ਕਲਪਨਾ ਨਹੀਂ ਕੀਤੀ ਸੀ। 243 ’ਚੋਂ 207 ਸੀਟਾਂ ਦਾ ਪ੍ਰਚੰਡ ਬਹੁਮਤ ਐੱਨ. ਡੀ. ਏ. ਨੂੰ ਮਿਲਣਾ! ਇਹ ਜਿੱਤ ਸਿਰਫ ਅੰਕੜਿਆਂ ਦੀ ਨਹੀਂ ਹੈ। ਇਹ ਬਿਹਾਰ ਦੇ ਵੋਟਰ ਦੇ ਬਦਲੇ ਹੋਏ ਸਿਆਸੀ ਵਿਵੇਕ, ਉਸ ਦੀ ਪਰਿਪੱਕਤਾ ਅਤੇ ਉਸ ਦੀਆਂ ਨਵੀਆਂ ਪਹਿਲਕਦਮੀਆਂ ਦੀ ਪਛਾਣ ਹੈ। ਬਿਹਾਰ ਦੇ ਲੋਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਪਰਿਵਾਰਵਾਦ ਜਾਂ ਭਾਵਨਾਤਮਕ ਨਾਅਰਿਆਂ ਦਾ ਨਹੀਂ, ਨਤੀਜੇ ਅਤੇ ਭਰੋਸੇ ਦਾ ਰਸਤਾ ਚੁਣ ਚੁੱਕੇ ਹਨ।

ਖਾਸ ਗੱਲ ਇਹ ਰਹੀ ਕਿ ਇਸ ਵਾਰ ਬਿਹਾਰ ਨੇ ਵੋਟਿੰਗ ਫੀਸਦੀ ’ਚ ਵੀ ਇਤਿਹਾਸ ਰਚਿਆ। 67 ਫੀਸਦੀ ਦੀ ਰਿਕਾਰਡ ਵੋਟਿੰਗ ਅਤੇ ਉਸ ’ਚ 71 ਫੀਸਦੀ ਮਹਿਲਾਵਾਂ ਦੀ ਧਮਾਕੇਦਾਰ ਹਿੱਸੇਦਾਰੀ ਦੱਸਦੀ ਹੈ ਕਿ ਇਹ ਸਿਰਫ ਚੋਣਾਂ ਨਹੀਂ ਸਗੋਂ ਸਮਾਜ ਦੀ ਡੂੰਘਾਈ ’ਚ ਵਾਪਰ ਰਹੀ ਸ਼ਾਂਤ ਕ੍ਰਾਂਤੀ ਦਾ ਨਾਅਰਾ ਸੀ। ਪਿੰਡਾਂ ਤੇ ਸ਼ਹਿਰਾਂ ’ਚ ਮਹਿਲਾਵਾਂ ਬੂਥਾਂ ’ਤੇ ਇਸ ਤਰ੍ਹਾਂ ਪਹੁੰਚੀਆਂ ਜਿਵੇਂ ਉਹ ਆਪਣੇ ਜੀਵਨ ਦਾ ਨਵਾਂ ਅਧਿਆਏ ਲਿਖਣ ਨਿਕਲੀਆਂ ਹੋਣ। ਉਨ੍ਹਾਂ ਦੀ ਵੋਟ ’ਚ ਯੋਜਨਾਵਾਂ ਦਾ ਲਾਭ, ਸੁਰੱਖਿਆ ਦਾ ਅਹਿਸਾਸ ਅਤੇ ਰੋਜ਼ਾਨਾ ਦੇ ਜੀਵਨ ’ਚ ਆਏ ਸੁਧਾਰਾਂ ਦਾ ਤਜਰਬਾ ਸੀ। ਪਹਿਲੀ ਵਾਰ ਮਹਿਲਾਵਾਂ ਸਿਰਫ ਵੋਟਰ ਨਹੀਂ, ਨਤੀਜੇ ਦੀਆਂ ਫੈਸਲਾਕੁੰਨ ਨਿਰਮਾਤਾ ਬਣ ਕੇ ਉੱਭਰੀਆਂ।

ਇਸ ਚੋਣ ਦਾ ਸਭ ਤੋਂ ਮਹੱਤਵਪੂਰਨ ਵਿਸ਼ਾ ਇਹ ਰਿਹਾ ਕਿ ਬਦਲਦੇ ਬਿਹਾਰ ’ਚ ਨਵੇਂ ਸਿਆਸੀ ਪ੍ਰਯੋਗਾਂ ਪ੍ਰਤੀ ਉਤਸੁਕਤਾ ਤਾਂ ਦਿਸੀ ਪਰ ਉਹ ਵਿਸ਼ਵਾਸ ’ਚ ਨਹੀਂ ਬਦਲ ਸਕੀ। ਇਸ ਨੂੰ ਬਿਹਾਰ ਦੇ ਵੋਟਰਾਂ ਦੀ ਦੂਰਦ੍ਰਿਸ਼ਟੀ ਕਹੀਏ ਜਾਂ ਨਿਤੀਸ਼-ਮੋਦੀ ਦੀ ਜੋੜੀ ’ਤੇ ਉਸ ਦਾ ਅਟੁੱਟ ਵਿਸ਼ਵਾਸ ਕਿ ਦਿੱਲੀ ’ਚ ‘ਆਪ’ ਦੀ ਵਰਣਨਯੋਗ ਸਫਲਤਾ ਦੇ ਉਲਟ, ਜਨ ਸੁਰਾਜ ਵਰਗਾ ਨਵਾਂ ਪ੍ਰਯੋਗ ਬਿਹਾਰ ’ਚ ਆਪਣਾ ਖਾਤਾ ਤੱਕ ਖੋਲ੍ਹਣ ’ਚ ਅਸਫਲ ਰਿਹਾ।

ਕਾਂਗਰਸ 6 ਸੀਟਾਂ ’ਤੇ ਸਿਮਟ ਗਈ ਅਤੇ ਤੇਜਸਵੀ ਆਪਣੀ ਸੀਟ ਬਚਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ। ਬਿਹਾਰ ਦੇ ਵੋਟਰ ਨੇ ਸਭ ਸੁਣਿਆ, ਪਰਖਿਆ, ਸਮਝਿਆ ਪਰ ਅੰਤ ’ਚ ਉਸੇ ਲੀਡਰਸ਼ਿਪ ’ਤੇ ਭਰੋਸਾ ਕੀਤਾ ਜੋ ਉਨ੍ਹਾਂ ਨੂੰ ਸਥਿਰਤਾ ਅਤੇ ਸਪੱਸ਼ਟਤਾ ਦੇ ਨਾਲ ਬਿਹਾਰ ਨੂੰ ਕਾਨੂੰਨ ਵਿਵਸਥਾ ਅਤੇ ਤਰੱਕੀ ਦੀ ਰਾਹ ’ਤੇ ਲਿਜਾਂਦੀ ਦਿਖਾਈ ਦਿੱਤੀ। ਸਪੱਸ਼ਟ ਹੈ ਕਿ ਬਿਹਾਰ ਦਾ ਵੋਟਰ ਹੁਣ ਸੁਪਨਿਆਂ ਨਾਲ ਨਹੀਂ, ਸਬੂਤਾਂ ਨਾਲ ਪ੍ਰਭਾਵਿਤ ਹੁੰਦਾ ਹੈ। ਉਹ ਖੋਖਲੇ ਵਾਅਦਿਆਂ ਜਾਂ ਸਿਧਾਂਤਹੀਣ ਬਿਆਨਬਾਜ਼ੀ ਦੀ ਰਾਜਨੀਤੀ ਤੋਂ ਤੰਗ ਆ ਚੁੱਕਾ ਹੈ। ਇਹੀ ਕਾਰਨ ਰਿਹਾ ਕਿ ‘ਵੋਟ ਚੋਰੀ’ ਵਰਗੇ ਦੋਸ਼ ਵੀ ਜਨਤਾ ਦੇ ਵਿਚਾਲੇ ਮੁੱਦਾ ਹੀ ਨਹੀਂ ਬਣ ਸਕੇ।

ਵੋਟਿੰਗ ਦਾ ਫੀਸਦੀ ਦੱਸਦਾ ਹੈ ਕਿ ਲੋਕਾਂ ਦਾ ਜਮਹੂਰੀ ਪ੍ਰਕਿਰਿਆ ’ਤੇ ਵਿਸ਼ਵਾਸ ਪਹਿਲਾਂ ਨਾਲੋਂ ਕਿਤੇ ਮਜ਼ਬੂਤ ਦਿਸਿਆ ਅਤੇ ਅਸਲ ਸੰਘਰਸ਼ ਬੂਥ ਪ੍ਰਬੰਧਨ ਅਤੇ ਜ਼ਮੀਨੀ ਸੰਗਠਨ ਸਮਰੱਥਾ ਦਾ ਰਿਹਾ। ਜਿਸ ਨੇ ਬੂਥ ਸੰਭਾਲਿਆ, ਉਸ ਨੇ ਚੋਣਾਂ ਸੰਭਾਲੀਆਂ। ਐੱਨ. ਡੀ. ਏ. ਇਸ ਮੈਦਾਨ ’ਚ ਫੈਸਲਾਕੁੰਨ ਢੰਗ ਨਾਲ ਅੱਗੇ ਰਿਹਾ। ਨਿਸ਼ਚਿਤ ਤੌਰ ’ਤੇ ਮੋਦੀ ਫੈਕਟਰ ਇਸ ਚੋਣ ’ਚ ਹਮੇਸ਼ਾ ਵਾਂਗ ਮਜ਼ਬੂਤ ਰਿਹਾ। ਦੇਸ਼ ਦੀ ਜਨਤਾ ’ਚ ਇਹ ਭਾਵਨਾ ਮਜ਼ਬੂਤ ਹੋ ਰਹੀ ਹੈ ਕਿ ਵਿਕਾਸ, ਸਥਿਰਤਾ ਅਤੇ ਸੰਸਾਰਕ ਵੱਕਾਰ ਲਈ ਨਰਿੰਦਰ ਮੋਦੀ ਦੀ ਲੀਡਰਸ਼ਿਪ ਭਰੋਸੇਯੋਗ ਹੈ।

ਬਿਹਾਰ ਦੇ ਮਤਪੱਤਰਾਂ ’ਚ ਵੀ ਇਸੇ ਵਿਸ਼ਵਾਸ ਦੀ ਗੂੰਜ ਮਹਿਸੂਸ ਕੀਤੀ ਗਈ। ਸੂਬੇ ਦੀ ਸਥਿਰਤਾ ਅਤੇ ਕੇਂਦਰ ਦੀ ਭਰੋਸੇਯੋਗਤਾ ਦੋਵਾਂ ਨੇ ਮਿਲ ਕੇ ਇਸ ਫਤਵੇ ਨੂੰ ਆਕਾਰ ਦਿੱਤਾ। ਕਾਂਗਰਸ ਦਾ 6 ਸੀਟਾਂ ’ਤੇ ਸਿਮਟਣਾ ਅਤੇ ਤੇਜਸਵੀ ਯਾਦਵ ਦਾ ਆਪਣੀ ਹੀ ਸੀਟ ’ਤੇ ਸੰਘਰਸ਼ ਕਰਨਾ, ਇਹ ਦ੍ਰਿਸ਼ ਸਿਰਫ ਸਿਆਸੀ ਹਾਰ ਨਹੀਂ, ਇਕ ਵੱਡਾ ਮਨੋਵਿਗਿਆਨਿਕ ਸੰਕੇਤ ਹੈ ਕਿ ਲਾਲੂ ਯਾਦਵ ਦੀ ਵਿਰਾਸਤ ਭਾਵਨਾਤਮਕ ਤਾਂ ਹੈ, ਪਰ ਹੁਣ ਫੈਸਲਾਕੁੰਨ ਨਹੀਂ ਹੈ।

ਤੇਜਸਵੀ ਦੀ ਯੁਵਾ ਊਰਜਾ ਸੀਮਤ ਦਾਇਰੇ ’ਚ ਰਹਿ ਗਈ ਅਤੇ ਰਾਹੁਲ ਗਾਂਧੀ ਦੀ ਅਪੀਲ ਬਿਹਾਰ ਦੀ ਜ਼ਮੀਨ ’ਚ ਜੜ੍ਹਾਂ ਨਹੀਂ ਜਮਾ ਸਕੀ। ਐੱਨ. ਡੀ. ਏ. ਦੀ ਹਨੇਰੀ ਦੇ ਸਾਹਮਣੇ ਕੋਈ ਵੀ ਟਿਕ ਨਹੀਂ ਸਕਿਆ। ਨਾ ਨੈਰੇਟਿਵ ’ਚ, ਨਾ ਸੰਗਠਨ ’ਚ, ਨਾ ਹੀ ਲੀਡਰਸ਼ਿਪ ’ਚ ਕਿਉਂਕਿ ਅਤੀਤ ਦੀਆਂ ਯਾਦਾਂ ਅਜੇ ਵੀ ਬਿਹਾਰ ਦੇ ਮਨ ’ਚ ਜਿਊਂਦੀਆਂ ਹਨ। ‘ਜੰਗਲ ਰਾਜ’ ਸ਼ਬਦ ਸਿਰਫ ਸਿਆਸੀ ਦੋਸ਼ ਨਹੀਂ ਸਗੋਂ ਕਈ ਪਰਿਵਾਰਾਂ ਲਈ ਅਸਲ ਪੀੜ ਰਿਹਾ ਹੈ।

ਇਸੇ ਕਾਰਨ ਸੁਰੱਖਿਆ, ਸਥਿਰਤਾ ਅਤੇ ਸ਼ਾਸਨ ਦੀ ਲਗਾਤਾਰਤਾ ਇਸ ਵਾਰ ਪ੍ਰਮੁੱਖ ਮੁੱਦਿਆਂ ਦੇ ਰੂਪ ’ਚ ਉਭਰੇ। ਇਨ੍ਹਾਂ ਨਤੀਜਿਆਂ ਨਾਲ ਜਨਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਨੂੰ ਅਨਿਸ਼ਚਿਤਤਾ ਨਹੀਂ, ਵਿਵਸਥਾ ਚਾਹੀਦੀ ਹੈ। ਉਸ ਨੂੰ ਅਤੀਤ ਨਹੀਂ, ਭਵਿੱਖ ਚਾਹੀਦਾ ਹੈ। ਨੌਜਵਾਨ ਵੋਟਰ ਵੀ ਇਸ ਚੋਣ ਦਾ ਮੁੱਖ ਤਬਦੀਲੀ ਲਿਆਉਣ ਵਾਲਾ ਚਿਹਰਾ ਰਿਹਾ। ਉਨ੍ਹਾਂ ਨੂੰ ਸਿੱਖਿਆ, ਕੌਸ਼ਲ, ਨੌਕਰੀ ਅਤੇ ਅਜਿਹਾ ਰਾਜ ਚਾਹੀਦਾ ਹੈ ਜਿੱਥੋਂ ਹਿਜਰਤ ਨਹੀਂ, ਰਹਿਣ ’ਚ ਮਾਣ ਹੋਵੇ। ਪ੍ਰਵਾਸ ਦੀਆਂ ਮਜਬੂਰੀਆਂ ਵਿਚਾਲੇ ਵੀ, ਘਰਾਂ ’ਚ ਮਹਿਲਾਵਾਂ ਅਤੇ ਨੌਜਵਾਨਾਂ ਨੇ ਜਿਸ ਗੰਭੀਰਤਾ ਨਾਲ ਵੋਟਾਂ ਪਾਈਆਂ, ਉਸ ਨੇ ਨਤੀਜੇ ਦੀ ਦਿਸ਼ਾ ਬਦਲ ਦਿੱਤੀ।

ਆਖਿਰ ਇਸ ਫਤਵੇ ਦੀ ਸਭ ਤੋਂ ਵੱਡੀ ਜਿੱਤ ਕਿਸੇ ਦਲ ਜਾਂ ਨੇਤਾ ਦੀ ਨਹੀਂ ਸਗੋਂ ਬਿਹਾਰ ਦੇ ਜਾਗੇ ਹੋਏ ਵੋਟਰ ਦੀ ਹੈ। ਉਸ ਨੇ ਦਿਖਾ ਦਿੱਤਾ ਕਿ ਉਹ ਹੁਣ ਸੋਚ ਕੇ, ਸਮਝ ਕੇ, ਤੋਲ ਕੇ ਵੋਟ ਦਿੰਦਾ ਹੈ। ਉਹ ਕਿਸੇ ਧਰਮ ’ਚ ਨਹੀਂ ਆਉਂਦਾ ਅਤੇ ਕਿਸੇ ਸਥਾਈ ਨਾਅਰੇ ਦੇ ਪਿੱਛੇ ਨਹੀਂ ਚੱਲਦਾ। ਬਿਹਾਰ ਨੇ ਆਪਣਾ ਫੈਸਲਾ ਦੇ ਦਿੱਤਾ ਹੈ। ਡੂੰਘਾ, ਸਪੱਸ਼ਟ ਅਤੇ ਮਾਪਿਆ ਹੋਇਆ। ਹੁਣ ਬਿਹਾਰ ਉਡੀਕ ਨਹੀਂ ਕਰਦਾ, ਬਿਹਾਰ ਆਸ ਕਰਦਾ ਹੈ ਅਤੇ ਇਹੀ ਆਸ ਲੋਕਤੰਤਰ ਦੀ ਸਭ ਤੋਂ ਸੁੰਦਰ ਅਤੇ ਸਭ ਤੋਂ ਠੋਸ ਆਵਾਜ਼ ਹੈ।

–ਡਾ. ਨੀਲਮ ਮਹੇਂਦਰ


author

Harpreet SIngh

Content Editor

Related News