‘ਜਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜ਼ੋਰਾਂ ’ਤੇ!
Saturday, Nov 22, 2025 - 05:24 AM (IST)
ਇਕ ਪਾਸੇ ਸਰਕਾਰ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਰੋਕਣ ਲਈ ਮੁਹਿੰਮ ਚਲਾ ਰਹੀ ਹੈ ਤਾਂ ਦੂਜੇ ਪਾਸੇ ਸਮਾਜ ਵਿਰੋਧੀ ਅਨਸਰ ਇਨ੍ਹਾਂ ਦੀ ਸਮੱਗਲਿੰਗ ਲਈ ਜਹਾਜ਼ਾਂ ਦੀ ਵਰਤੋਂ ਕਰ ਰਹੇ ਹਨ ਜਿਸ ਦੀਆਂ ਇਸੇ ਮਹੀਨੇ ਦੀਆਂ 3 ਹਫਤੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 1-2 ਨਵੰਬਰ, 2025 ਨੂੰ ਮੁੰਬਈ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਕੋਲੰਬੋ (ਸ਼੍ਰੀਲੰਕਾ) ਤੋਂ ਆਈ ਇਕ ਮਹਿਲਾ ਯਾਤਰੀ ਤੋਂ ਕੌਫੀ ਦੇ ਪੈਕੇਟ ’ਚ ਲੁਕਾਈ ਗਈ ਲਗਭਗ 47 ਕਰੋੜ ਰੁਪਏ ਕੀਮਤ ਦੀ 4.7 ਕਿਲੋ ‘ਕੋਕੀਨ’ ਜ਼ਬਤ ਕੀਤੀ।
* 3 ਨਵੰਬਰ ਨੂੰ ‘ਮੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ’ ’ਤੇ ‘ਬੈਂਕਾਕ’ ਤੋਂ ਆਏ 2 ਯਾਤਰੀਆਂ ਤੋਂ ਲਗਭਗ 90 ਕਰੋੜ ਰੁਪਏ ਤੋਂ ਵੱਧ ਕੀਮਤ ਦੀ 42 ਕਿਲੋ ‘ਹਾਈਡ੍ਰੋਪੋਨਿਕ ਵੀਡ’ (ਗਾਂਜਾ) ਜ਼ਬਤ ਕੀਤੀ ਗਈ।
* 6 ਨਵੰਬਰ ਨੂੰ ‘ਜੈਪੁਰ’ (ਰਾਜਸਥਾਨ) ਹਵਾਈ ਅੱਡੇ ’ਤੇ ‘ਰਿਆਦ’ ਤੋਂ ਆਏ ਇਕ ਯਾਤਰੀ ਦੇ ਅੰਡਰਵੀਅਰ ’ਚ ਪੇਸਟ ਦੇ ਰੂਪ ’ਚ ਲੁਕੋਇਆ ਗਿਆ 66 ਲੱਖ ਰੁਪਏ ਮੁੱਲ ਦਾ 534 ਗ੍ਰਾਮ ਸੋਨਾ ਜ਼ਬਤ ਕੀਤਾ ਿਗਆ।
* 10 ਨਵੰਬਰ ਨੂੰ ‘ਅੰਮ੍ਰਿਤਸਰ’ (ਪੰਜਾਬ) ਦੇ ‘ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ’ ’ਤੇ ‘ਸਿੰਗਾਪੁਰ ’ਤੋਂ ਆਏ 2 ਭਾਰਤੀ ਯਾਤਰੀਆਂ ਦੇ ਸਾਮਾਨ ’ਚੋਂ 47.70 ਕਰੋੜ ਰੁਪਏ ਮੁੱਲ ਦਾ 47.70 ਕਿਲੋ ‘ਗਾਂਜਾ’ ਬਰਾਮਦ ਕੀਤਾ ਿਗਆ।
* 12 ਨਵੰਬਰ ਨੂੰ ‘ਮੁੰਬਈ’ ਦੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ‘ਮਸਕਟ’ ਤੋਂ ਆਏ ਇਕ ਯਾਤਰੀ ਤੋਂ 109.8 ਗ੍ਰਾਮ ਸੋਨੇ ਦੇ ਬਿਸਕੁਟ ਅਤੇ ਦੁਬਈ ਤੋਂ ਆਏ 2 ਯਾਤਰੀਆਂ ਦੀਆਂ ਜੁਰਾਬਾਂ ’ਚ ਲੁਕੋਈ ਹੋਈ 1.550 ਕਿਲੋ ਸੋਨੇ ਦੀ ਧੂੜ ਬਰਾਮਦ ਕੀਤੀ ਗਈ।
* 13 ਨਵੰਬਰ ਨੂੰ ‘ਚੇਨਈ ਕੌਮਾਂਤਰੀ ਹਵਾਈ ਅੱਡੇ’ ਤੇ ‘ਮਲੇਸ਼ੀਆ’ ਤੋਂ ਆਏ 3 ਯਾਤਰੀਆਂ ਤੋਂ 30 ਕਰੋੜ ਰੁਪਏ ਮੁੱਲ ਦਾ 30 ਕਿਲੋ ਗਾਂਜਾ ਜ਼ਬਤ ਕੀਤਾ ਿਗਆ।
* 13 ਨਵੰਬਰ ਨੂੰ ਹੀ ‘ਅਗਰਤਲਾ’ (ਤ੍ਰਿਪੁਰਾ) ਹਵਾਈ ਅੱਡੇ ’ਤੇ ਸੀ. ਆਈ. ਐੱਸ. ਐੱਫ. ਮੁਲਾਜ਼ਮਾਂ ਨੇ ਇਕ ਯਾਤਰੀ ਦੇ ‘ਗੁਪਤ ਅੰਗ’ ’ਚ ਲੁਕੋ ਕੇ ਰੱਖੇ ਲਗਭਗ 88 ਲੱਖ ਰੁਪਏ ਮੁੱਲ ਦੇ 740 ਗ੍ਰਾਮ ਸੋਨੇ ਦੇ ਬਿਸਕੁਟ ਜ਼ਬਤ ਕੀਤੇ।
* 16-17 ਨਵੰਬਰ ਨੂੰ ‘ਹੈਦਰਾਬਾਦ’ (ਤੇਲੰਗਾਨਾ) ਦੇ ‘ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ‘ਸ਼ਾਰਜਾਹ’ ਤੋਂ ਆਏ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ’ਚ ਇਕ ਲੋਹੇ ਦੇ ਬਕਸੇ ’ਚੋਂ 1.55 ਕਰੋੜ ਰੁਪਏ ਮੁੱਲ ਦੀਅਾਂ ਲਗਭਗ 1.2 ਕਿਲੋ ਸੋਨੇ ਦੀਆਂ 11 ਸਿੱਲੀਆਂ ਬਰਾਮਦ ਕਰ ਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਿਗਆ।
* 18 ਨਵੰਬਰ ਨੂੰ ਦਿੱਲੀ ਦੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ਕਸਟਮ ਅਧਿਕਾਰੀਆਂ ਨੇ ਸਿੰਗਾਪੁਰ ਤੋਂ ਆਏ ਇਕ ਯਾਤਰੀ ਤੋਂ 1.2 ਕਿਲੋ ਸੋਨਾ ਜ਼ਬਤ ਕੀਤਾ, ਜਿਸ ਨੂੰ ਉਸ ਨੇ ਮਸ਼ੀਨ ਦੇ ਕਲਪੁਰਜ਼ਿਆਂ ਦੇ ਅੰਦਰ ਲੁਕੋਇਆ ਹੋਇਆ ਸੀ।
* 18 ਨਵੰਬਰ ਨੂੰ ਹੀ ‘ਸੂਰਤ ਕੌਮਾਂਤਰੀ ਹਵਾਈ ਅੱਡੇ’ ’ਤੇ ‘ਬੈਂਕਾਕ’ ਤੋਂ ਆਏ ਇਕ ਨਸ਼ਾ ਸਮੱਗਲਰ ਨੂੰ 1.41 ਕਰੋੜ ਰੁਪਏ ਮੁੱਲ ਦੇ ਉੱਚ ਗੁਣਵੱਤਾ ਵਾਲੇ 4 ਕਿੱਲੋ ‘ਹਾਈਡ੍ਰੋਪੋਨਿਕ ਵੀਡ’ (ਗਾਂਜਾ) ਨਾਲ ਗ੍ਰਿਫਤਾਰ ਕੀਤਾ ਿਗਆ।
* 19 ਨਵੰਬਰ ਨੂੰ ‘ਦਿੱਲੀ’ ਦੇ ‘ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ’ ’ਤੇ ਬਹਿਰੀਨ ਤੋਂ ਆਏ ਇਕ ਯਾਤਰੀ ਦੇ ਅੰਡਰਵੀਅਰ ’ਚ ਲੁਕੋ ਕੇ ਰੱਖੀ ਗਈ 685.5 ਗ੍ਰਾਮ ਸੋਨੇ ਦੀ ਪੇਸਟ ਜ਼ਬਤ ਕੀਤੀ ਗਈ।
* 19 ਨਵੰਬਰ ਨੂੰ ਹੀ ‘ਬੈਂਗਲੁਰੂ’ (ਕਰਨਾਟਕ) ਦੇ ‘ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ’ ’ਤੇ ਕਸਟਮ ਅਧਿਕਾਰੀਆਂ ਨੇ ਲਗਭਗ 14.2 ਕਰੋੜ ਮੁੱਲ ਦਾ 38.6 ਿਕਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ।
* ਅਤੇ ਹੁਣ 19 ਨਵੰਬਰ ਨੂੰ ਹੀ ‘ਅੰਮ੍ਰਿਤਸਰ’ (ਪੰਜਾਬ) ਦੇ ‘ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ’ ’ਤੇ ਅਧਿਕਾਰੀਆਂ ਨੇ 2 ਵੱਖ-ਵੱਖ ਮਾਮਲਿਆਂ ’ਚ 37 ਲੱਖ ਰੁਪਏ ਮੁੱਲ ਦੀਆਂ ਵਿਦੇਸ਼ੀ ਸਿਗਰੇਟਾਂ ਜ਼ਬਤ ਕੀਤੀਆਂ ਹਨ।
ਇਹ ਤਾਂ ਸਿਰਫ ਉਹ ਉਦਾਹਰਣਾਂ ਹਨ ਜੋ ਰੌਸ਼ਨੀ ’ਚ ਆਈਆਂ ਹਨ। ਇਨ੍ਹਾਂ ਦੇ ਇਲਾਵਾ ਵੀ ਦੇਸ਼ ਦੇ 487 ਹਵਾਈ ਅੱਡਿਆਂ ਅਤੇ ਹਵਾਈ ਪੱਟੀਆਂ ’ਤੇ ਕਿੰਨਾ ਸੋਨਾ ਅਤੇ ਨਸ਼ੀਲੇ ਪਦਾਰਥ ਆਦਿ ਪਕੜ ’ਚ ਆਏ ਬਿਨਾਂ ਨਿਕਲ ਗਏ ਹੋਣਗੇ।
ਹਾਲਾਂਕਿ ਬਰਾਮਦ ਕੀਤਾ ਿਗਆ ਉਕਤ ਸਾਮਾਨ ਅਧਿਕਾਰੀਆਂ ਦੀ ਫਰਜ਼ ਪਾਲਣਾ ਦਾ ਪ੍ਰਮਾਣ ਹੈ ਪਰ ਸੋਨਾ, ਨਸ਼ਾ ਅਤੇ ਹੋਰ ਪਾਬੰਦੀ ਲੱਗੇ ਸਾਮਾਨਾਂ ਦੀ ਸਮੱਗਲਿੰਗ ਰੋਕਣ ਲਈ ਸੁਰੱਖਿਆ ਏਜੰਸੀਆਂ ਨੂੰ ਹੋਰ ਜ਼ਿਆਦਾ ਚੁਸਤ ਹੋਣ ਦੀ ਲੋੜ ਹੈ।
ਇਸ ਦੇ ਨਾਲ ਹੀ ਸੋਨਾ ਅਤੇ ਨਸ਼ੀਲੇ ਪਦਾਰਥਾਂ ਨੂੰ ਫੜਨ ਵਾਲੇ ਅਧਿਕਾਰੀਆਂ ਨੂੰ ਇਨਾਮ ਅਤੇ ਵਧੀਆ ਕਾਰਗੁਜ਼ਾਰੀ ਦਾ ਪ੍ਰਮਾਣ ਪੱਤਰ ਦੇ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਨਾਲ-ਨਾਲ ਦੂਜਿਆਂ ਨੂੰ ਆਪਣੀ ਡਿਊਟੀ ਜ਼ਿਆਦਾ ਮੁਸਤੈਦੀ ਨਾਲ ਕਰਨ ਦੀ ਪ੍ਰੇਰਣਾ ਮਿਲੇਗੀ।
–ਵਿਜੇ ਕੁਮਾਰ
