‘ਮੁਸਲਿਮ-ਲੀਗ ਮਾਓਵਾਦੀ ਕਾਂਗਰਸ’ ਦਾ ਅਰਥ ਕੀ?

Thursday, Nov 20, 2025 - 04:50 PM (IST)

‘ਮੁਸਲਿਮ-ਲੀਗ ਮਾਓਵਾਦੀ ਕਾਂਗਰਸ’ ਦਾ ਅਰਥ ਕੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ ‘ਮੁਸਲਿਮ-ਲੀਗੀ ਮਾਓਵਾਦੀ ਕਾਂਗਰਸ’ ਕਹਿਣ ਅਤੇ ਉਸ ਨੂੰ ‘ਦੇਸ਼ ਲਈ ਖਤਰਾ’ ਦੱਸਣ ਦਾ ਕੀ ਮਤਲਬ ਹੈ? ਇਸ ਵਿਚਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਨਹੀਂ ਸਗੋਂ 3 ਮੌਕਿਆਂ ’ਤੇ ਜ਼ਾਹਿਰ ਕੀਤਾ ਹੈ। ਪਹਿਲਾਂ 14 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਗੱਠਜੋੜ ਵਲੋਂ ਦਰਜ ਜ਼ਬਰਦਸਤ ਜਿੱਤ ’ਤੇ ਦਿੱਲੀ ’ਚ ਭਾਜਪਾ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ। ਫਿਰ 15 ਨਵੰਬਰ ਨੂੰ ਗੁਜਰਾਤ ਸਥਿਤ ਸੂਰਤ ਦੇ ਇਕ ਪ੍ਰੋਗਰਾਮ ’ਚ ਅਤੇ ਇਸ ਤੋਂ ਬਾਅਦ 17 ਨਵੰਬਰ ਨੂੰ ਦਿੱਲੀ ’ਚ ਆਯੋਜਿਤ ਰਾਮਨਾਥ ਗੋਇਨਕਾ ਲੈਕਚਰ ’ਚ।

ਪ੍ਰਧਾਨ ਮੰਤਰੀ ਮੁਤਾਬਕ, ‘‘10-15 ਸਾਲ ਪਹਿਲਾਂ ਕਾਂਗਰਸ ’ਚ ਜੋ ਅਰਬਨ-ਨਕਸਲੀ ਮਾਓਵਾਦੀ ਪੈਰ ਜਮਾ ਚੁੱਕੇ ਸਨ, ਹੁਣ ਉਹ ਕਾਂਗਰਸ ਨੂੰ ‘ਮੁਸਲਿਮ-ਲੀਗੀ ਮਾਓਵਾਦੀ ਕਾਂਗਰਸ’ (ਐੱਮ. ਸੀ. ਸੀ.) ਬਣਾ ਚੁੱਕੇ ਹਨ। ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ ਕਿ ਮੁਸਲਿਮ-ਲੀਗ ਮਾਓਵਾਦੀ ਕਾਂਗਰਸ ਆਪਣੇ ਸਵਾਰਥ ’ਚ ਦੇਸ਼ ਲਈ ਖਤਰਾ ਬਣਦੀ ਜਾ ਰਹੀ ਹੈ।’’ ਕਾਂਗਰਸ ਦੀ ਇਹ ਇਮੇਜ ਅਚਾਨਕ ਨਹੀਂ ਬਣੀ ਹੈ ਅਤੇ ਨਾ ਹੀ ਇਹ ਸਿਰਫ ਕੋਈ ਚੋਣ ਜਾਂ ਸਿਆਸੀ ਜੁਮਲੇਬਾਜ਼ੀ ਹੈ।

ਕਾਂਗਰਸ ਦਾ ਸੰਕਟ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ’ਤੇ ਉਸ ਦੇ ਅਧਿਕਾਰਿਤ ਬਿਆਨ ਤੋਂ ਸਪੱਸ਼ਟ ਹੈ, ਜਿਸ ’ਚ ਪਾਰਟੀ ਲੀਡਰਸ਼ਿਪ ਵੋਟਰਾਂ ਵਲੋਂ ਨਕਾਰੇ ਜਾਣ ਨੂੰ ਫਰਜ਼ੀ ‘ਵੋਟ ਚੋਰੀ’ ਦਾ ਨਤੀਜਾ ਦੱਸ ਰਹੀ ਹੈ। ਦਰਅਸਲ, ਮੌਜੂਦਾ ਕਾਂਗਰਸ ਦੇ ਉੱਚ ਨੇਤਾ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜਿਸ ਵੰਡਕਾਰੀ ਰਾਹ ’ਤੇ ਚੱਲ ਰਹੇ ਹਨ, ਉਸ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ ਹੈ। ਸਾਲ 1950 ਤੋਂ ਰਾਹੁਲ ਦੇ ਪੜਨਾਨੇ ਪੰ. ਜਵਾਹਰ ਲਾਲ ਨਹਿਰੂ ਨੇ ਜਿਸ ਵਿਗੜੇ ਹੋਏ ਸੈਕੂਲਰਵਾਦ ਨੂੰ ਅਪਣਾਇਆ, ਉਸ ਨੇ ਦੇਸ਼ ’ਚ ਇਸਲਾਮੀ ਕੱਟੜਤਾ ਅਤੇ ਹਿੰਦ-ਵਿਰੋਧੀ ਸ਼ਕਤੀਆਂ ਨੂੰ ਨਵਾਂ ਜੀਵਨਦਾਨ ਦਿੱਤਾ।

ਪਹਿਲਾਂ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਇਸਲਾਮੀ ਸਵਰੂਪ ਨੂੰ ਬਰਕਰਾਰ ਰੱਖਣ ਲਈ ਧਾਰਾ 370-35ਏ ਨੂੰ ਸੰਵਿਧਾਨ ’ਚ ਬਿਨਾਂ ਚਰਚਾ ਦੇ ‘ਚੋਰ ਦਰਵਾਜ਼ੇ’ ਨਾਲ ਸ਼ਾਮਿਲ ਕਰਵਾਇਆ ਤਾਂ ਬਹੁਗਿਣਤੀਆਂ ਦੇ ਲਈ ‘ਹਿੰਦੂ ਕੋਡ ਬਿੱਲ’ ਲਾਗੂ ਕਰ ਕੇ ਮਜ਼੍ਹਬੀ ਆਜ਼ਾਦੀ ਦੇ ਨਾਂ ’ਤੇ ਮੁਸਲਿਮ ਸਮਾਜ ਨੂੰ ਹਲਾਲਾ ਅਤੇ ਤਿੰਨ ਤਲਾਕ ਵਰਗੀਆਂ ਕੁਰੀਤੀਆਂ ਦੇ ਨਾਲ ਛੱਡ ਦਿੱਤਾ। ਪੰ. ਨਹਿਰੂ ਲਈ ਹਿੰਦੂ ਮੰਦਿਰ ‘ਦਮਨਕਾਰੀ’ ਤਾਂ ਸਿਰਫ ਹਿੰਦੂ ਹੀ ‘ਫਿਰਕਾਪ੍ਰਸਤ’ ਸਨ। ਕਾਲਾਂਤਰ ’ਚ ਉਨ੍ਹਾਂ ਵਲੋਂ ਅਪਣਾਈਆਂ ਸਮਾਜਵਾਦ ਪ੍ਰੇਰਿਤ ਨੀਤੀਆਂ ਨੇ ਭਾਰਤੀ ਅਰਥਚਾਰੇ ਨੂੰ ਤਬਾਹ ਕਰ ਦਿੱਤਾ, ਜਿਸ ਦੀ ਚਰਚਾ ਪਿਛਲੇ ਕੁਝ ਲੇਖਾਂ ’ਚ ਕੀਤੀ ਜਾ ਚੁੱਕੀ ਹੈ।

ਇਹ ਵਿਗਾੜ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਦੇ ਸ਼ਾਸਨ ’ਚ ਹੋਰ ਵਧ ਗਿਆ। ਉਨ੍ਹਾਂ ਨੇ 1969 ’ਚ ਕਾਂਗਰਸ ਟੁੱਟਣ ਤੋਂ ਬਾਅਦ ਆਪਣੇ ਧੜੇ ਦੀ ਵਿਚਾਰਧਾਰਕ ਅਗਵਾਈ ਉਨ੍ਹਾਂ ਖੱਬੇਪੱਖੀਆਂ ਦੇ ਹੱਥਾਂ ’ਚ ਸੌਂਪ ਦਿੱਤੀ ਜੋ ਤਾਨਾਸ਼ਾਹੀ ਨੂੰ ਉਤਸ਼ਾਹ ਦੇਣ ਦੇ ਨਾਲ ਨ ਖੁਦ ਨੂੰ ਭਾਰਤ ਦੀ ਬਹੁਲਤਾਵਾਦੀ ਸਨਾਤਨ ਸੰਸਕ੍ਰਿਤੀ ਨਾਲ ਜੋੜ ਸਕੇ ਸਨ ਨਾ ਹੀ ਹੁਣ ਜੋੜ ਸਕਦੇ ਹਨ। ਇਸ ਦੇ ਸਿੱਟੇ ਵਜੋਂ ਅਦਾਲਤ ਵਲੋਂ ਆਪਣੀ ‘ਵੋਟ ਚੋਰੀ’ ਫੜੇ ਜਾਣ ’ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ’ਤੇ ਐਮਰਜੈਂਸੀ (1975-77) ਥੋਪ ਦਿੱਤੀ। ਇਸੇ ਦੌਰਾਨ ਅਯੁੱਧਿਆ ’ਚ ਭਾਰਤੀ ਪੁਰਾਤਤਵ ਸਰਵੇਖਣ ਦੀ ਸ਼੍ਰੀਰਾਮ ਜਨਮ ਭੂਮੀ ਮੰਦਿਰ ਦੇ ਪ੍ਰਮਾਣ ਨਾਲ ਸਬੰਧਤ ਖੁਦਾਈ ਰਿਪੋਰਟ ਨੂੰ ਵੀ ਦਬਾ ਦਿੱਤਾ ਗਿਆ।

ਕਾਲਾਂਤਰ ’ਚ ਪੰਜਾਬ ’ਚ ਆਪਣੇ ਵਿਰੋਧੀ ਅਕਾਲੀ ਦਲ ਨੂੰ ਹਾਸ਼ੀਏ ’ਤੇ ਪਹੁੰਚਾਉਣ ਲਈ ਉਨ੍ਹਾਂ ਨੇ ਮ੍ਰਿਤ ‘ਖਾਲਿਸਤਾਨੀ’ ਵਿਚਾਰ ਨੂੰ ਆਪਣੇ ਛੋਟੇ ਜਿਹੇ ਸਿਆਸੀ ਸਵਾਰਥ ਅਤੇ ਸੱਤਾ ਹਥਿਆਉਣ ਦੀ ਲਾਲਸਾ ’ਚ ਮੁੜ ਸੁਰਜੀਤ ਕਰ ਦਿੱਤਾ। ਇਸ ਦਾ ਵਰਣਨ ਗੈਰ-ਸਿਆਸੀ, ਸਾਬਕਾ ਆਈ. ਪੀ. ਐੱਸ. ਅਧਿਕਾਰੀ ਅਤੇ ਭਾਰਤੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਵਿਚ ਸਾਲਾਂ ਜੁੜੇ ਰਹਿਣ ਤੋਂ ਬਾਅਦ ਰਿਟਾਇਰ ਹੋਏ ਗੁਰਬਖਸ਼ ਸਿੰਘ ਸਿੱਧੂ ਨੇ ਆਪਣੀ ਕਿਤਾਬ ‘ਦਿ ਖਾਲਿਸਤਾਨ ਕਾਂਸਪੀਰੇਸੀ’ ਵਿਚ ਕੀਤਾ ਹੈ।

ਜਿਵੇਂ 1980 ਦੇ ਦਹਾਕੇ ’ਚ ਭਿੰਡਰਾਂਵਾਲੇ ਨੂੰ ਅੱਗੇ ਰੱਖ ਕੇ ਇੰਦਰਾ ਗਾਂਧੀ ਨੇ ਹਿੰਦੂ-ਸਿੱਖ ਸਬੰਧਾਂ ਨੂੰ ਲੈ ਕੇ ਆਤਮਘਾਤੀ ਰਾਜਨੀਤੀ ਕੀਤੀ, ਠੀਕ ਉਸੇ ਤਰ੍ਹਾਂ ਰਾਹੁਲ ਦੇ ਪਿਤਾ ਰਾਜੀਵ ਗਾਂਧੀ ਨੇ ਸਾਲ 1986 ਦੇ ਸ਼ਾਹਬਾਨੋ ਮਾਮਲੇ ਨਾਲ ‘ਮੁਸਿਲਮ ਵੋਟ ਬੈਂਕ’ ਦਾ ਬਿਗੁਲ ਫੂਕ ਦਿੱਤਾ। ਉਦੋਂ ਮੁਸਲਿਮ ਕੱਟੜਪੰਥੀਆਂ ਦੇ ਅੱਗੇ ਗੋਡੇ ਟੇਕਦੇ ਹੋਏ ਤਤਕਾਲੀ ਰਾਜੀਵ ਸਰਕਾਰ ਨੇ ਸੰਸਦ ’ਚ ਬਹੁਤ ਜ਼ਿਆਦਾ ਬਹੁਮਤ ਦੇ ਬਲ ’ਤੇ ਮੁਸਲਿਮ ਮਹਿਲਾ ਤਰੱਕੀ ਦੀ ਦਿਸ਼ਾ ’ਚ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਸੀ। ਕਾਲਾਂਤਰ ’ਚ ਮੁਸਲਿਮ-ਵਿਰੋਧ ਦੇ ਕਾਰਨ ਹੀ ਸਲਮਾਨ ਰੁਸ਼ਦੀ ਦੀ ‘ਸੈਟਨਿਕ ਵਰਸੇਜ਼’ (1988) ਅਤੇ ਤਸਲੀਮਾ ਨਸਰੀਨ ਦੀ ‘ਲੱਜਾ’ (1993) ਕਿਤਾਬਾਂ ’ਤੇ ਪਾਬੰਦੀ ਲਗਾ ਦਿੱਤੀ ਗਈ।

ਭਾਵੇਂ ਹੀ ਕਾਂਗਰਸ ਦੇ ਸੀਨੀਅਰ ਨੇਤਾ (ਮਰਹੂਮ) ਡਾ. ਮਨਮੋਹਨ ਸਿੰਘ 2004-2014 ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਪਰ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਗੈਰ-ਸੰਵਿਧਾਨਕ ‘ਰਾਸ਼ਟਰੀ ਸਲਾਹਕਾਰ ਪ੍ਰੀਸ਼ਦ’ (ਐੱਨ. ਏ. ਸੀ.) ਤੋਂ ਮਿਲਦੇ ਸਨ ਜਿਸ ਦੀ ਅਗਵਾਈ ਤਤਕਾਲੀ ਕਾਂਗਰਸ ਪ੍ਰਧਾਨ ਅਤੇ ਰਾਹੁਲ ਦੀ ਮਾਤਾ ਜੀ ਸੋਨੀਆ ਗਾਂਧੀ ਕਰ ਰਹੀ ਸੀ। ਐੱਨ. ਏ. ਸੀ. ’ਚ ਅਜਿਹੇ ਲੋਕ ਸ਼ਾਮਲ ਸਨ, ਜਿਨ੍ਹਾਂ ਦਾ ਰਾਸ਼ਟਰੀ ਹਿਤ ਦੀ ਬਜਾਏ ਵਿਚਾਰਧਾਰਕ ਏਜੰਡੇ (ਖੱਬੇਪੱਖੀ ਸਮੇਤ) ਨਾਲ ਜ਼ਿਆਦਾ ਸਰੋਕਾਰ ਸੀ। ਇਸੇ ਕਾਲਖੰਡ ’ਚ 2002 ਦੇ ਉਸ ਘਿਨੌਣੇ ਗੋਧਰਾ ਕਾਂਡ ਜਿਸ ’ਚ ਜਿਹਾਦੀਆਂ ਨੇ ਭਜਨ-ਕੀਰਤਨ ਕਰ ਰਹੇ 59 ਹਿੰਦੂਆਂ ਨੂੰ ਟਰੇਨ ’ਚ ਜ਼ਿੰਦਾ ਸਾੜ ਦਿੱਤਾ ਸੀ, ਉਸ ਨੂੰ ‘ਹਾਦਸਾ’ ਦੱਸ ਕੇ ਰਫਾ-ਦਫਾ ਕਰਨ ਦਾ ਅਸਫਲ ਯਤਨ ਕੀਤਾ ਗਿਆ।

ਘੁਮਾ ਫਿਰਾ ਕੇ ‘ਦੇਸ਼ ਦੇ ਸੋਮਿਆਂ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ’ ਦੱਸ ਦਿੱਤਾ। ਹਲਫਨਾਮਾ ਦੇ ਕੇ ਸੁਪਰੀਮ ਕੋਰਟ ’ਚ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਨੂੰ ਕਾਲਪਨਿਕ ਕਹਿ ਦਿੱਤਾ। ਸੰਸਾਰਕ ਤੌਰ ’ਤੇ ਸਥਾਪਿਤ ਜਿਹਾਦੀ ਅੱਤਵਾਦ -ਕੱਟੜਵਾਦ ਨੂੰ ਉਦੋਂ ਦੇਸ਼ ’ਚ ‘ਇਸਲਾਮੀ ਫੋਬੀਆ’ ਐਲਾਨ ਕਰਨ ਲਈ ਮਨਘੜ੍ਹਤ ‘ਹਿੰਦੂ-ਭਗਵਾ ਅੱਤਵਾਦ’ ਦਾ ਹਊਆ ਖੜ੍ਹਾ ਕਰ ਦਿੱਤਾ। ਇਸ ਦੇ ਅਧੀਨ ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ (26/11) ’ਚ ਅਸਲ ਦੋਸ਼ੀ (ਪਾਕਿਸਤਾਨੀ ਅੱਤਵਾਦੀਆਂ) ਨੂੰ ਕਲੀਨ ਚਿੱਟ ਦਿੰਦੇ ਹੋਏ ਰਾਸ਼ਟਰੀ ਸਵੈਮ-ਸੇਵਕ ਸੰਘ ਨੂੰ ਫਸਾਉਣ ਦਾ ਫਰਜ਼ੀ ਨੈਰੇਟਿਵ ਬੁਣਿਆ ਗਿਆ। ਯਾਸੀਨ ਮਲਿਕ ਵਰਗੇ ਖੂੰਖਾਰ ਜਿਹਾਦੀਆਂ ਨਾਲ ਹਮਦਰਦੀ ਰੱਖਦੇ ਹੋਏ ਉਸ ਨੂੰ ਰਾਜਕੀ ਮੰਚ ਦਿੱਤਾ ਗਿਆ।

ਸਾਲ 2014 ਤੋਂ ਕਾਂਗਰਸ ਆਪਣੇ ਉੱਚ ਨੇਤਾ ਰਾਹੁਲ ਗਾਂਧੀ ਦੀ ਅਗਵਾਈ ’ਚ ਲਗਾਤਾਰ ਤਿੰਨ ਲੋਕ ਸਭਾ ਚੋਣਾਂ ਅਤੇ ਦਰਜਨਾਂ ਵਿਧਾਨ ਸਭਾ ਚੋਣਾਂ ਹਾਰ ਚੁੱਕੀ ਹੈ। ਆਪਣੇ ਲਗਾਤਾਰ ਘਟਦੇ ਜਨਆਧਾਰ ਦੀ ਇਮਾਨਦਾਰ ਸਮੀਖਿਆ ਕਰਨ ਦੀ ਬਜਾਏ ਕਾਂਗਰਸ ਨੇ ਭਾਜਪਾ ਤੋਂ ਅਲੱਗ ਦਿਸਣ ਲਈ ਪ੍ਰਤੱਖ ਤੇ ਅਸਿੱਧੇ ਤੌਰ ’ਤੇ ਉਨ੍ਹਾਂ ਵੰਡਕਾਰੀ ਸ਼ਕਤੀਆਂ, ਵਿਸ਼ੇਸ਼ ਤੌਰ ’ਤੇ ਖੱਬੇਪੱਖੀਆਂ-ਜਿਹਾਦੀ ਚਿੰਤਨ ਨੂੰ ਆਤਮਸਾਤ ਕਰ ਲਿਆ ਹੈ।

ਬਲਬੀਰ ਪੁੰਜ


author

Rakesh

Content Editor

Related News