ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ-ਪੱਧਰੀ ਸਿੱਖਿਆ ਦਾ ਪਾਵਰਹਾਊਸ ਬਣਨ ਵੱਲ ਇਕ ਹੋਰ ਪੁਲਾਂਘ

Monday, Nov 24, 2025 - 04:59 PM (IST)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਸ਼ਵ-ਪੱਧਰੀ ਸਿੱਖਿਆ ਦਾ ਪਾਵਰਹਾਊਸ ਬਣਨ ਵੱਲ ਇਕ ਹੋਰ ਪੁਲਾਂਘ

ਅੱਜ ਦਾ ਦਿਨ (24 ਨਵੰਬਰ 2025) ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਨਾ ਸਿਰਫ਼ ਇਸ ਦਾ 56ਵਾਂ ਸਥਾਪਨਾ ਦਿਵਸ ਇਕ ਇਤਿਹਾਸਕ ਯਾਦਗਾਰ ਹੈ ਸਗੋਂ ਇਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੇ (25 ਨਵੰਬਰ 2025) 350 ਸਾਲ ਪੂਰੇ ਹੋਣ ਨੂੰ ਵੀ ਸਮਰਪਿਤ ਹੋਣ ਕਰਕੇ ਹੋਰ ਯਾਦਗਾਰੀ ਬਣ ਗਿਆ ਹੈ। ਜਿਸ ਵੇਲੇ ਸੰਸਾਰ ਭਰ ’ਚ ਗੁਰੂ ਸਾਹਿਬ ਜੀ ਦੀ ਅਮਰ ਸ਼ਹਾਦਤ ਨੂੰ ਸ਼ਰਧਾ ਨਾਲ ਯਾਦ ਕੀਤਾ ਜਾ ਰਿਹਾ ਹੈ, ਉਸ ਵੇਲੇ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ’ਚ ਇਸ ਦਿਨ ਨੂੰ ਗੁਰੂ ਸਾਹਿਬ ਜੀ ਦੇ ਅਮਰ ਸੰਦੇਸ਼ ‘ਭੈਅ ਮੁਕਤ ਜੀਵਨ’ ਨੂੰ ਸਮਰਪਿਤ ਕਰਕੇ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਕ ਮਿਸਾਲ ਕਾਇਮ ਕੀਤੀ ਹੈ। ਗੁਰੂ ਸਾਹਿਬ ਜੀ ਦੀ ਬਾਣੀ ‘ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ’ ਅੱਜ ਵੀ ਫਿਰਕੂ ਵੰਡ, ਅਸਹਿਣਸ਼ੀਲਤਾ ਅਤੇ ਭੈਅ ਨੂੰ ਦੂਰ ਕਰਨ ਲਈ ਪ੍ਰੇਰਨਾ ਦਾ ਸਰੋਤ ਬਣੀ ਹੋਈ ਹੈ। ਯੂਨੀਵਰਸਿਟੀ ਨੇ ਇਸ ਸੰਦੇਸ਼ ਨੂੰ ਨਾ ਸਿਰਫ਼ ਦੁਹਰਾਇਆ ਹੈ, ਬਲਕਿ ਆਪਣੇ ਅਕਾਦਮਿਕ ਅਤੇ ਸਮਾਜਿਕ ਕਾਰਜਾਂ ਰਾਹੀਂ ਵਿਵਹਾਰਕ ਰੂਪ ’ਚ ਅਪਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਅੱਜ ਦੇ ਸੰਦਰਭ ’ਚ, ਜਦੋਂ ਪੂਰੀ ਦੁਨੀਆ ਅਸਥਿਰਤਾ ਨਾਲ ਜੂਝ ਰਹੀ ਹੈ ਤਾਂ ਗੁਰੂ ਸਾਹਿਬ ਜੀ ਦਾ ਨਿਡਰਤਾ ਵਾਲਾ ਆਦਰਸ਼ ਨਵੀਂ ਉਮੀਦ, ਹਿੰਮਤ ਅਤੇ ਸਥਿਰਤਾ ਦੇਣ ਦੇ ਸਮਰੱਥ ਹੈ। ਇਸ ਸਥਾਪਨਾ ਦਿਵਸ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦੇ ਹੋਏ, ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਪੱਤਰ ਲਿਖ ਕੇ 24 ਅਕਤੂਬਰ ਨੂੰ ਵਿਸ਼ਵ ਪੱਧਰ ਉੱਤੇ ‘ਦਿ ਡੇਅ ਆਫ ਯੂਨੀਵਰਸਲ ਕੰਸਾਇੰਸ’ (ਵਿਸ਼ਵ ਨੈਤਿਕ ਚੇਤਨਾ ਦਿਵਸ) ਵਜੋਂ ਮਨਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਅਤੇ ਸੰਸਾਰ ’ਚ ਜ਼ਮੀਰ, ਮਾਣ, ਮਨੁੱਖੀ ਆਜ਼ਾਦੀ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ। ਅੰਮ੍ਰਿਤਸਰ ਤੋਂ ਨਿਊਯਾਰਕ ਤਕ ਇਹ ਸੰਦੇਸ਼ ਲਿਜਾਣਾ ਗੁਰੂ ਸਾਹਿਬ ਜੀ ਦੀ ਦਿਖਾਈ ਰਾਹ ਉੱਤੇ ਚੱਲਣ ਦੀ ਵਿਸ਼ਵ-ਪੱਧਰੀ ਪਹਿਲਕਦਮੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ’ਤੇ 500 ਏਕੜ ’ਚ 24 ਨਵੰਬਰ 1969 ਨੂੰ ਸਥਾਪਤ ਕੀਤਾ ਗਿਆ ਸੀ, ਅੱਜ ਪੰਜਾਬ ਅਤੇ ਭਾਰਤ ਦੀ ਸਿੱਖਿਆ ’ਚ ਇਕ ਮੀਲ ਪੱਥਰ ਵਜੋਂ ਸਥਾਪਿਤ ਹੋ ਚੁੱਕੀ ਹੈ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਯੂਨੀਵਰਸਿਟੀ ਦੀ ਆਪਣੀ ਇਸ ਵਿਰਾਸਤ ਨੂੰ ਨਾ ਸਿਰਫ਼ ਸੰਭਾਲ ਹੀ ਰਹੇ ਹਨ ਸਗੋਂ ਉਹ ਇਸ ਨੂੰ ਆਧੁਨਿਕ ਯੁੱਗ ਨਾਲ ਜੋੜਨ ਦਾ ਵੀ ਕੰਮ ਕਰ ਰਹੇ ਹਨ। ਪਿਛਲੇ ਇਕ ਸਾਲ ’ਚ ਹੀ ਯੂਨੀਵਰਸਿਟੀ ਨੂੰ ਸਰਕਾਰੀ ਯੂਨੀਵਰਸਿਟੀਆਂ ’ਚ ਭਾਰਤ ’ਚ 11ਵਾਂ ਸਥਾਨ ਪ੍ਰਾਪਤ ਹੋਇਆ ਹੈ, ਜੋ ਇਕ ਵੱਡੀ ਪ੍ਰਾਪਤੀ ਹੈ। ਯੂਨੀਵਰਸਿਟੀ ਦਾ ਐੱਚ-ਇੰਡੈਕਸ 175 ਤੱਕ ਪਹੁੰਚ ਗਿਆ ਹੈ ਅਤੇ ਸਕੋਪਸ-ਇੰਡੈਕਸਡ ਖੋਜ ਪੇਪਰਾਂ ’ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਇਹ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਈਮਾਨਦਾਰੀ, ਮਿਹਨਤ ਅਤੇ ਸੇਵਾ ਦੇ ਸੰਦੇਸ਼ ਨੂੰ ਅਪਣਾਉਣ ਦਾ ਨਤੀਜਾ ਹੈ, ਜੋ ਯੂਨੀਵਰਸਿਟੀ ’ਚ ਚੱਲ ਰਹੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਸਮਰੱਥ ਬਣਾਉਣ ਲਈ ਯੂਨੀਵਰਸਿਟੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡਾਟਾ ਸਾਇੰਸ ਅਤੇ ਸਾਈਬਰ ਸਿਕਿਓਰਿਟੀ ਵਰਗੇ ਆਧੁਨਿਕ ਕੋਰਸ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ, 13 ਲੱਖ ਰੁਪਏ ਤੱਕ ਦੇ ਪਲੇਸਮੈਂਟ ਪੈਕੇਜ ਅਤੇ ਸਰਹੱਦੀ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਉੱਚੇਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਕੇ ਨੌਜਵਾਨਾਂ ’ਚ ਆਤਮ-ਵਿਸ਼ਵਾਸ ਜਗਾਇਆ ਜਾ ਰਿਹਾ ਹੈ। ਇਹ ਕਾਰਜ ਨਾ ਸਿਰਫ਼ ਰੋਜ਼ਗਾਰ ਮੁਹੱਈਆ ਕਰਦੇ ਹਨ, ਬਲਕਿ ਨੌਜਵਾਨਾਂ ਨੂੰ ਗੁਰੂ ਸਾਹਿਬ ਜੀ ਦੇ ਨਿਡਰਤਾ ਵਾਲੇ ਆਦਰਸ਼ ਨਾਲ ਜੋੜਦੇ ਵੀ ਹਨ।

ਯੂਨੀਵਰਸਿਟੀ ਦੀ ਵਿਸ਼ਵ-ਪੱਧਰੀ ਪਹੁੰਚ ਨੂੰ ਦਰਸਾਉਂਦੇ ਹੋਏ, ਭਾਰਤ ਦੀ ਕਿਸੇ ਵੀ ਸਰਕਾਰੀ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਕੈਲੀਫੋਰਨੀਆ ’ਚ ਆਫਸ਼ੋਰ ਕੈਂਪਸ ਖੋਲ੍ਹਣ ਦਾ ਪ੍ਰਸਤਾਵ ਅਤੇ ਸਿੱਖ ਅਧਿਐਨ ਲਈ ਤਿੰਨ ਕਰੋੜ ਰੁਪਏ ਦੀ ਸਿੱਖ ਸਟੱਡੀ ਚੇਅਰ ਸਥਾਪਤ ਕਰਨ ਵਰਗੇ ਕਦਮ ਵੱਡੀ ਮਹੱਤਤਾ ਰੱਖਦੇ ਹਨ। ਇਹ ਕਦਮ ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ, ਰੂਹਾਨੀਅਤ ਅਤੇ ਸੱਭਿਆਚਾਰ ਨਾਲ ਮੁੜ ਜੋੜਨ ’ਚ ਮਦਦ ਕਰਨਗੇ। ਇਸਦੇ ਨਾਲ ਹੀ, ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਲਈ ਰਿਆਇਤਾਂ, ਵਿਧਾਨ ਸਭਾ ਹਲਕਾ ਅਜਨਾਲਾ ’ਚ ਇਕ ਪਿੰਡ ਨੂੰ ਗੋਦ ਲੈਣ ਅਤੇ ਹੜ੍ਹਾਂ ਨੂੰ ਨਿਯੰਤਰਿਤ ਕਰਨ ਲਈ ਇਕ ਵਿਸਤ੍ਰਿਤ ਦਸਤਾਵੇਜ਼ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜਣ ਵਰਗੇ ਸ਼ੁਰੂ ਕੀਤੇ ਕਾਰਜ ਯੂਨੀਵਰਸਿਟੀ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਉਜਾਗਰ ਕਰਦੇ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਦੇ ਪਾਵਰਹਾਊਸ (ਸ਼ਕਤੀ ਕੇਂਦਰ) ਵਜੋਂ ਉਸਾਰਨ ਲਈ ਇਕ ਉੱਚ ਪੱਧਰੀ ਰੋਡਮੈਪ ਤਿਆਰ ਕੀਤਾ ਗਿਆ ਹੈ, ਜਿਸ ’ਚ ਪ੍ਰਸ਼ਾਸਨਿਕ ਸੁਧਾਰਾਂ, ਅਕਾਦਮਿਕ ਨਵੀਨਤਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਕੇਂਦਰ ’ਚ ਰੱਖਿਆ ਗਿਆ ਹੈ।

ਅੱਜ ਦੇ ਸਮਾਗਮ ’ਚ ਡਾ. ਬ੍ਰਿਜਪਾਲ ਸਿੰਘ (ਸਾਬਕਾ ਫੈਕਲਟੀ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ), ਡਾ. ਕੇਹਰ ਸਿੰਘ (ਪ੍ਰਸਿੱਧ ਪੰਜਾਬੀ ਸਾਹਿਤਕ ਵਿਦਵਾਨ) ਅਤੇ ਇੰਜ. ਸੁਪਰੀਤਪਾਲ ਸਿੰਘ (ਇੰਡੋਨੇਸ਼ੀਆ) ਆਪਣੇ ਵਿੱਦਿਅਕ ਭਾਸ਼ਣਾਂ ਰਾਹੀਂ ਖੋਜ, ਅਕਾਦਮਿਕਤਾ ਅਤੇ ਨੈਤਿਕ ਜੀਵਨ ਨੂੰ ਨਵੀਆਂ ਦਿਸ਼ਾਵਾਂ ਪੇਸ਼ ਕਰਨਗੇ। ਸਵੇਰੇ ਅਤੇ ਸ਼ਾਮ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ, ਚਿੱਤਰ ਪ੍ਰਦਰਸ਼ਨੀ ਅਤੇ ਲੋਕ ਕਲਾ ਪ੍ਰਦਰਸ਼ਨੀ ਨਾਲ ਵਿਦਿਆਰਥੀਆਂ ਨੂੰ ਪੰਜਾਬ ਦੀ ਰੂਹਾਨੀ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਿਆ ਜਾਵੇਗਾ।

ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)


author

Rakesh

Content Editor

Related News