ਲੋਕ ਸਭਾ ਦੀਆਂ ਚੋਣਾਂ ਪਿਛੋਂ ਭਾਜਪਾ ਨੂੰ ਮਿਲ ਸਕਦਾ ਹੈ ਨਵਾਂ ਪ੍ਰਧਾਨ

03/23/2024 12:43:15 PM

ਨਵੀਂ ਦਿੱਲੀ- ਜਦੋਂ ਫਰਵਰੀ ’ਚ ਭਾਜਪਾ ਦੀ ਰਾਸ਼ਟਰੀ ਕੌਂਸਲ ਵੱਲੋਂ ਭਾਜਪਾ ਮੁਖੀ ਜੇ.ਪੀ. ਨੱਡਾ ਦਾ ਕਾਰਜਕਾਲ ਸਿਰਫ 4 ਮਹੀਨਿਆਂ ਲਈ ਵਧਾਇਆ ਗਿਆ ਸੀ ਤਾਂ ਇਹ ਸਪੱਸ਼ਟ ਹੋ ਗਿਆ ਸੀ ਕਿ ਸੱਤਾਧਾਰੀ ਪਾਰਟੀ ਨੂੰ ਚੋਣਾਂ ਤੋਂ ਬਾਅਦ ਜੂਨ ’ਚ ਨਵਾਂ ਪ੍ਰਧਾਨ ਮਿਲ ਜਾਏਗਾ। ਅਮਿਤ ਸ਼ਾਹ ਦੇ ਕੇਂਦਰੀ ਗ੍ਰਹਿ ਮੰਤਰੀ ਬਣਨ ਪਿੱਛੋਂ ਨੱਡਾ ਨੂੰ 2019 ’ਚ ਅੰਤ੍ਰਿਮ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

ਹੁਣ ਸੱਤਾ ਦੇ ਗਲਿਆਰਿਆਂ ’ਚ ਇਹ ਘੁਸਰ-ਮੁਸਰ ਚੱਲ ਰਹੀ ਹੈ ਕਿ ਨੱਡਾ ਦੀ ਥਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਭਾਜਪਾ ਦੇ ਨਵੇਂ ਪ੍ਰਧਾਨ ਹੋ ਸਕਦੇ ਹਨ। ਖੱਟੜ ਮੋਦੀ ਦੇੱ ਕਰੀਬੀ ਭਰੋਸੇਯੋਗ ਰਹੇ ਹਨ । ਮੋਦੀ ਉਨ੍ਹਾਂ ਦਿਨਾਂ ’ਚ ਖੱਟੜ ਦੇ ਰੂਮਮੇਟ ਹੁੰਦੇ ਸਨ ਜਦੋਂ ਦੋਵੇਂ ਆਰ. ਐੱਸ. ਐੱਸ. ਦਾ ਪੂਰਾ ਸਮਾਂ ਪ੍ਰਚਾਰਕ ਸਨ। ਹਰਿਆਣਾ ਦੇ ਮੁੱਖ ਮੰਤਰੀ ਵਜੋਂ ਖੱਟੜ ਮੋਦੀ ਦੀ ਨਿੱਜੀ ਪਸੰਦ ਸਨ। 2014 ’ਚ ਉਨ੍ਹਾਂ ਮੁੱਖ ਮੰਤਰੀ ਬਣ ਕੇ ਸਿਆਸੀ ਆਬਜ਼ਰਵਰਾਂ ਨੂੰ ਹੈਰਾਨ ਕਰ ਦਿੱਤਾ ਸੀ।

ਚੋਣਾਂ ਪਿੱਛੋਂ ਬਣਨ ਵਾਲੇ ਸੰਭਾਵਤ ਮੋਦੀ ਮੰਤਰੀ ਮੰਡਲ ’ਚ ਖੱਟੜ ਸ਼ਾਮਲ ਹੋਣ ਦੇ ਯੋਗ ਹਨ । ਉਨ੍ਹਾਂ ਨੂੰ ਕਰੀਬ 10 ਸਾਲ ਦਾ ਪ੍ਰਸ਼ਾਸਨਿਕ ਤਜਰਬਾ ਹੈ । ਮੋਦੀ ਨੂੰ ਨਾਲ ਹੀ ਪਾਰਟੀ ਦੇ ਮਾਮਲਿਆਂ ਲਈ ਇੱਕ ਭਰੋਸੋਯੋਗ ਸਾਥੀ ਦੀ ਲੋੜ ਹੋਵੇਗੀ।

ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਹੋਰਨਾਂ ਸਾਬਕਾ ਮੁਖੀਆਂ ਰਾਜਨਾਥ ਸਿੰਘ, ਨਿਤਿਨ ਗਡਕਰੀ ਤੇ ਅਮਿਤ ਸ਼ਾਹ ਵਾਂਗ ਨੱਡਾ ਨੂੰ ਵੀ ਮੋਦੀ ਦੇ ਅਗਲੇ ਸੰਭਾਵਤ ਮੰਤਰੀ ਮੰਡਲ ’ਚ ਲਿਅਾ ਜਾ ਸਕਦਾ ਹੈ ਪਰ ਕਈ ਅਜਿਹੇ ਲੋਕ ਵੀ ਹਨ ਜੋ ਕਹਿੰਦੇ ਹਨ ਕਿ ਜੇ ਦੱਖਣ ’ਚ ਪਾਰਟੀ ਦਾ ਪਸਾਰ ਕਰਨਾ ਹੈ ਤਾਂ ਭਾਜਪਾ ਦਾ ਅਗਲਾ ਮੁਖੀ ਤਾਮਿਲਨਾਡੂ ਤੋਂ ਹੋਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਭਾਜਪਾ ਕੋਲ ਦੱਖਣੀ ਭਾਰਤ ਤੋਂ 2 ਪਾਰਟੀ ਪ੍ਰਧਾਨ ਸਨ- ਬੰਗਾਰੂ ਲਕਸ਼ਮਣ ਤੇ ਕ੍ਰਿਸ਼ਨਮੂਰਤੀ। ਇਹ ਦੋਵੇਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਵੱਖ-ਵੱਖ ਕਾਰਨਾਂ ਕਰ ਕੇ ਹਟ ਗਏ ਸਨ।


Rakesh

Content Editor

Related News