ਲੋਕ ਸਭਾ ਚੋਣਾਂ: ਜਲੰਧਰ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਚੰਨੀ ਦੇ ਆਉਣ ਨਾਲ ਦਿਲਚਸਪ ਹੋਇਆ ਮੁਕਾਬਲਾ

Monday, Apr 15, 2024 - 11:53 AM (IST)

ਲੋਕ ਸਭਾ ਚੋਣਾਂ: ਜਲੰਧਰ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਚੰਨੀ ਦੇ ਆਉਣ ਨਾਲ ਦਿਲਚਸਪ ਹੋਇਆ ਮੁਕਾਬਲਾ

ਚੰਡੀਗੜ੍ਹ (ਅੰਕੁਰ): ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੰਜਾਬ ਤੋਂ ਛੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਨਾਂ ਦੀ ਚਰਚਾ ਚੱਲ ਰਹੀ ਸੀ, ਜਿਸ ਦੀ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਵੱਲੋਂ ਨਾਰਾਜ਼ਗੀ ਵੀ ਜ਼ਾਹਰ ਕੀਤੀ ਜਾ ਰਹੀ ਸੀ। ਦੋ ਮੌਜੂਦਾ ਸੰਸਦ ਮੈਂਬਰਾਂ ਨੂੰ ਦੁਬਾਰਾ ਟਿਕਟ ਦਿੱਤੀ ਗਈ ਹੈ, ਜਿਨ੍ਹਾਂ ’ਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੇ ਫ਼ਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੇ ਬੂਥ ਸੰਮੇਲਨ ’ਚ ਭਾਰੀ ਹੰਗਾਮਾ, ਚੱਲੇ ਲੱਤਾਂ-ਮੁੱਕੇ, ਡਾਂਗਾਂ ਤੇ ਕੁਰਸੀਆਂ; ਪ੍ਰੈੱਸ ਸਕੱਤਰ ਦੀ ਲਾਹੀ ਪੱਗ

ਪਿਛਲੇ ਦਿਨੀਂ ਕਾਂਗਰਸ ’ਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ, ਜਿਨ੍ਹਾਂ ਦਾ ਮੁਕਾਬਲਾ ਮਹਾਰਾਣੀ ਪਰਨੀਤ ਕੌਰ ਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਵੇਗਾ।

ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ। ਉਹ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਹਨ। ਕੁਝ ਸਮੇਂ ਲਈ ਉਹ ਆਮ ਆਦਮੀ ਪਾਰਟੀ ’ਚ ਰਹੇ। 2017 ’ਚ ਉਨ੍ਹਾਂ ਨੇ ‘ਆਪ’ ਵੱਲੋਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ। 2018 ’ਚ ਉਨ੍ਹਾਂ ਨੂੰ ‘ਆਪ’ ’ਚੋਂ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ.) ਦਾ ਗਠਨ ਕੀਤਾ। 2019 ’ਚ ਉਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਬਣਾਈ। ਉਨ੍ਹਾਂ ਨੇ ਪੀ.ਡੀ.ਏ. ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਪਰ ਹਾਰ ਗਏ। ਉਨ੍ਹਾਂ ਦਾ ਮੁਕਾਬਲਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਨਾਲ ਹੋਵੇਗਾ।

ਜਲੰਧਰ ਹਲਕੇ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਜਲੰਧਰ ਹਲਕੇ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਥੋਂ ਚੋਣ ਮੈਦਾਨ ’ਚ ਆਉਣ ਨਾਲ ਇੱਥੇ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ। ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਹੋਈ ਜ਼ਿਮਨੀ ਚੋਣ ’ਚ ਇੱਥੋਂ ਕਾਂਗਰਸ ਛੱਡ ਕੇ ‘ਆਪ’ ’ਚ ਆਏ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਵੀ ਉਨ੍ਹਾਂ ਨੂੰ ਹੀ ਟਿਕਟ ਦਿੱਤੀ ਗਈ ਸੀ ਪਰ ਉਮੀਦਵਾਰ ਐਲਾਨੇ ਜਾਣ ਤੋਂ ਕੁਝ ਦਿਨ ਬਾਅਦ ਉਹ ਭਾਜਪਾ ’ਚ ਜਾ ਸ਼ਾਮਲ ਹੋਏ। ਹੁਣ ‘ਆਪ’ ਵੱਲੋਂ ਇੱਥੋਂ ਪਵਨ ਕੁਮਾਰ ਟੀਨੂੰ ਉਮੀਦਵਾਰ ਹੋ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਟਿਕਟ ਮਿਲਣ ਮਗਰੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਚਰਨਜੀਤ ਚੰਨੀ, ਦੱਸਿਆ ਜਲੰਧਰ ਨਾਲ ਕੀ ਹੈ ਰਿਸ਼ਤਾ (ਵੀਡੀਓ)

ਜੀਤ ਮਹਿੰਦਰ ਸਿੱਧੂ ਨੂੰ ਪਹਿਲੀ ਵਾਰ ਮੌਕਾ

ਜੀਤ ਮਹਿੰਦਰ ਸਿੰਘ ਸਿੱਧੂ 2014 ’ਚ ਕਾਂਗਰਸੀ ਵਿਧਾਇਕ ਵਜੋਂ ਅਸਤੀਫ਼ਾ ਦੇ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਉਹ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਬਾਅਦ ’ਚ ਉਹ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਕਾਂਗਰਸ ਨੇ ਉਨ੍ਹਾਂ ਨੂੰ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਵੇਗਾ। ਪਹਿਲਾਂ ਇਸ ਸੀਟ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਲੜਨਾ ਤੈਅ ਮੰਨਿਆ ਜਾ ਰਿਹਾ ਸੀ। ਅਕਾਲੀ ਦਲ ਨੇ ਹਾਲੇ ਇੱਥੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News