ਬੁਢਲਾਡਾ ਮਾਰਕਿਟ ਕਮੇਟੀਆਂ ਦੀਆਂ ਚੇਅਰਮੈਨੀਆਂ ਲਈ ਸਥਾਨਕ ਅਤੇ ਬਾਹਰਲੇ ਆਗੂ ਹੋਏ ਸਰਗਰਮ

06/27/2020 5:03:56 PM

ਬੁਢਲਾਡਾ (ਮਨਜੀਤ): ਪੰਜਾਬ ਦੀਆਂ ਵੱਖ-ਵੱਖ ਮਾਰਕਿਟ ਕਮੇਟੀਆਂ ਅਤੇ ਉੱਪ ਚੇਅਰਮੈਨਾਂ ਦੀਆਂ ਨਿਯੁਕਤੀਆਂ ਸੂਬਾ ਸਰਕਾਰ ਵਲੋਂ ਧੜਾਧੜ ਕੀਤੀਆਂ ਜਾ ਰਹੀਆਂ ਹਨ। ਕੇਵਲ 37 ਮਾਰਕਿਟ ਕਮੇਟੀਆਂ ਦੀਆਂ ਚੇਅਰਮੈਨੀਆਂ ਦੀ ਨਾਮਜ਼ਦਗੀ ਅਜੇ ਬਾਕੀ ਹੈ। ਜਦਕਿ ਮਾਨਸਾ ਜ਼ਿਲ੍ਹੇ 'ਚ ਕੋਈ ਵੀ ਚੇਅਰਮੈਨ 6 ਮਾਰਕਿਟ ਕਮੇਟੀਆਂ ਦਾ ਨਿਯੁਕਤ ਨਹੀਂ ਕੀਤਾ ਗਿਆ। ਵਿਧਾਨ ਸਭਾ ਹਲਕਾ ਬੁਢਲਾਡਾ 'ਚ ਤਿੰਨ ਪੈਂਦੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਬਣਨ ਲਈ ਹਲਕੇ ਦੇ ਅਤੇ ਬਾਹਰਲੇ ਆਗੂ ਆਪੋ-ਆਪਣੇ ਲੀਡਰਾਂ ਦੀਆਂ ਹਾਜ਼ਰੀਆਂ ਭਰਨ ਲੱਗੇ ਹੋਏ ਹਨ ਪਰ ਪਾਰਟੀ ਦੇ ਵਫਾਦਾਰ ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਚੇਅਰਮੈਨੀਆਂ ਤੇ ਕੇਵਲ ਹਲਕੇ ਦੇ ਇਮਾਨਦਾਰ, ਮਿਹਨਤੀ ਅਤੇ ਪਾਰਟੀ ਨੂੰ ਸਮਰਪਿਤ ਆਗੂਆਂ ਅਤੇ ਵਰਕਰਾਂ 'ਚੋਂ ਹੀ ਨਿਯੁਕਤੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਸ਼ਾਨੋ-ਸ਼ੌਕਤ ਨਾਲ ਜਿੱਤੀਆਂ ਜਾ ਸਕਣ।

ਬੁਢਲਾਡਾ ਦੇ ਸੀਨੀਅਰੀ ਕਾਂਗਰਸੀ ਗੁਰਿੰਦਰ ਮੋਹਨ, ਸਕੱਤਰ ਪੰਜਾਬ ਕਾਂਗਰਸ ਰਣਜੀਤ ਸਿੰਘ ਦੋਦੜਾ, ਸਾਬਕਾ ਸਰਪੰਚ ਮਹਿੰਦਰ ਸਿੰਘ ਕਾਕੂ ਬੋਹਾ, ਸੀਨੀਅਰ ਕਾਂਗਰਸੀ ਆਗੂ ਨਵੀਨ ਕੁਮਾਰ ਕਾਲਾ ਬੋਹਾ, ਵਪਾਰੀ ਆਗੂ ਸੁਰਿੰਦਰ ਮੰਗਲਾ, ਗੋਪਾਲ ਸ਼ਰਮਾ ਬਰੇਟਾ, ਬਲਾਕ ਸੰਮਤੀ ਮੈਂਬਰ ਨਿੱਕਾ ਸਿੰਘ ਸੰਘਰੇੜੀ, ਕਾਲਾ ਅਹਿਮਦਪੁਰ, ਮੁੱਖੀ ਮੰਢਾਲੀ ਆਦਿ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਦੌਰਾਨ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਖੋਂ-ਪਰੋਖੇ ਕਰਨਾ ਪਾਰਟੀ ਵਰਕਰਾਂ ਦੀ ਮਿਹਨਤ ਤੇ ਡਾਕਾ ਮਾਰਨ ਵਾਲੀ ਗੱਲ ਹੋਵੇਗੀ। ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਬੁਢਲਾਡਾ, ਬਰੇਟਾ ਅਤੇ ਬੋਹਾ ਦੀਆਂ ਮਾਰਕਿਟ ਕਮੇਟੀਆਂ ਦੀਆਂ ਨਿਯੂਕਤੀਆਂ ਪਾਰਟੀ ਵਰਕਰਾਂ ਦੀਆਂ ਇੱਛਾ ਅਨੁਸਾਰ ਹੀ ਕੀਤੀਆਂ ਜਾਣ।


Shyna

Content Editor

Related News