ਸਰਹੱਦੀ ਇਲਾਕਿਆਂ ’ਚ ਸਰਗਰਮ ਸਮੱਗਲਰ, ਖੇਪ ਰਿਸੀਵ ਕਰਨ ਲਈ ਪਾਕਿਸਤਾਨੀਆਂ ਨੂੰ ਦੇ ਰਹੇ ਲੋਕੇਸ਼ਨ

Monday, Apr 01, 2024 - 12:31 PM (IST)

ਅੰਮ੍ਰਿਤਸਰ (ਨੀਰਜ)- ਭਾਰਤ-ਪਾਕਿਸਤਾਨ ਬਾਰਡਰ ਫੈਂਸਿੰਗ ਦੇ ਦੋਵੇਂ ਪਾਸੇ ਇਸ ਸਮੇਂ ਕਣਕ ਦੀ ਫਸਲ ਖੜ੍ਹੀ ਹੈ ਅਤੇ ਵਾਢੀ ਲਈ ਤਿਆਰ ਹੈ। ਅਜਿਹੇ ’ਚ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨਜ਼ ਤੋਂ ਸੁੱਟੀ ਗਈ ਹੈਰੋਇਨ ਦੀ ਖੇਪ ਨੂੰ ਉੱਠਾ ਪਾਉਣਾ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ’ਚ ਸਰਗਰਮ ਸਮੱਗਲਰਾਂ ਲਈ ਆਸਾਨ ਨਹੀਂ ਹੈ, ਇਸ ਕਾਰਨ ਹੁਣ ਸਮੱਗਲਰਾਂ ਨੇ ਸਰਹੱਦੀ ਇਲਾਕਿਆਂ ’ਚ ਸਥਿਤ ਸ਼ਮਸ਼ਾਨਘਾਟ, ਹਾਕੀ ਗਰਾਊਂਡਜ਼ ਤੇ ਧਾਰਮਿਕ ਸਥਾਨਾਂ ਦੀ ਲੋਕੇਸ਼ਨ ਪਾਕਿਸਤਾਨੀ ਸਮੱਗਲਰਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਬੀ. ਐੱਸ. ਐੱਫ. ਤੇ ਪੇਂਡੂ ਪੁਲਸ ਇਸ ਸਮੇਂ ਪੂਰੀ ਤਰ੍ਹਾਂ ਅਲਰਟ ਹੈ ਅਤੇ ਇਸ ਤਰ੍ਹਾਂ ਦੀਆਂ ਲੋਕੇਸ਼ਨਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਲੇਜ ਡਿਫੈਂਸ ਕਮੇਟੀਆਂ ਦੀ ਮਦਦ ਨਾਲ ਅਜਿਹੇ ਥਾਵਾਂ ’ਤੇ ਪਹਿਰਾ ਦਿੱਤਾ ਜਾ ਰਿਹਾ ਹੈ ਜਿੱਥੇ ਡਰੋਨਜ਼ ਦੇ ਜ਼ਰੀਏ ਆਸਾਨੀ ਨਾਲ ਹੈਰੋਇਨ ਦੀ ਖੇਪ ਨੂੰ ਡੇਗਿਆ ਜਾ ਸਕਦਾ ਹੈ। ਹਾਲ ਹੀ ’ਚ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਨੰਗਲਅਬ ਪਿੰਡ ਵਿਖੇ ਸਥਿਤ ਸ਼ਮਸ਼ਾਨਘਾਟ ਤੋਂ ਸੱਤ ਕਰੋੜ ਦੀ ਹੈਰੋਇਨ ਨੂੰ ਜ਼ਬਤ ਕੀਤਾ ਹੈ। ਇਸ ਤੋਂ ਪਹਿਲਾਂ ਸਰਹੱਦੀ ਕਸਬਾ ਅਟਾਰੀ ਦੀ ਹਾਕੀ ਗਰਾਊਂਡ ਤੋਂ ਹੈਰੋਇਨ ਦੀ ਖੇਪ ਲੈਣ ਆਏ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬਾਰਡਰ ਰੇਂਜ ਪੁਲਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, 4 ਜ਼ਿਲ੍ਹਿਆਂ ’ਚ ਸਰਚ ਆਪ੍ਰੇਸ਼ਨ, 30 ਗ੍ਰਿਫ਼ਤਾਰ

ਕੋਡ ਆਫ ਕੰਡਕਟ ਦਾ ਵੀ ਅਸਰ ਨਹੀਂ

ਕੇਂਦਰੀ ਚੋਣ ਕਮਿਸ਼ਨ ਵੱਲੋਂ ਕੋਡ ਆਫ ਕੰਡਕਟ ਲਾਗੂ ਕੀਤਾ ਜਾ ਚੁੱਕਾ ਹੈ ਅਤੇ ਪੂਰੇ ਜ਼ਿਲ੍ਹੇ ’ਚ ਪੈਰਾ ਮਿਲਟਰੀ ਫੋਰਸ, ਪੰਜਾਬ ਪੁਲਸ ਦੀਆਂ ਟੀਮਾਂ ਤੇ ਫਲਾਇੰਗ ਸਕੁਐਡ ਗਸ਼ਤ ਕਰ ਰਹੇ ਹਨ। ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਭਾਰਤ-ਪਾਕਿਸਤਾਨ ਬਾਰਡਰ ’ਤੇ ਡਰੋਨਜ਼ ਦੀ ਮੂਵਮੈਂਟ ਜਾਰੀ ਹੈ। ਹਾਲ ਹੀ ’ਚ ਸਰਹੱਦੀ ਪਿੰਡ ਅਟਲਗੜ੍ਹ ’ਚ ਸਥਾਨਕ ਲੋਕਾਂ ਵੱਲੋਂ ਪਾਕਿਸਤਾਨੀ ਡਰੋਨ ਦੀ ਆਮਦ ਦੇਖਣ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਸਰਹੱਦੀ ਪਿੰਡ ਨੇਸ਼ਟਾ ’ਚ ਵੀ ਕੁਝ ਅਜਿਹਾ ਹੀ ਹੋਇਆ। ਬੀ.ਐੱਸ.ਐੱਫ. ਤੇ ਪੰਜਾਬ ਪੁਲਸ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਡਰੋਨਜ਼ ਤਾਂ ਜ਼ਬਤ ਕਰ ਲਏ ਗਏ ਪਰ ਸਮੱਗਲਰਾਂ ਦਾ ਕੋਈ ਪਤਾ ਨਹੀਂ ਹੈ ਅਤੇ ਨਾ ਹੀ ਡਰੋਨ ਦੇ ਜ਼ਰੀਏ ਸੁੱਟੀ ਗਈ ਖੇਪ ਦੇ ਬਾਰੇ ’ਚ ਅਜੇ ਤੱਕ ਕੋਈ ਜਾਣਕਾਰੀ ਮਿਲ ਸਕਦੀ ਹੈ। ਪਿਛਲੇ ਇਕ ਹਫਤੇ ਦੌਰਾਨ ਪੰਚਗਰਾਈ ਪਿੰਡ ’ਚ ਵੱਡਾ ਡਰੋਨ, ਦਾਉਕੇ ਪਿੰਡ ’ਚ ਇਕ ਛੋਟਾ ਡਰੋਨ ਤੇ ਹੋਰ ਸਰਹੱਦੀ ਇਲਾਕਿਆਂ ’ਚ ਹੈਰੋਇਨ ਦੀ ਖੇਪ ਫੜੀ ਜਾ ਚੁੱਕੀ ਹੈ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਸਮੱਗਲਰਾਂ ਨੂੰ ਕੋਡ ਆਫ ਕੰਡਕਟ ਦਾ ਵੀ ਡਰ ਨਹੀਂ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਵਿਖੇ ਸੇਵਾ ਦੌਰਾਨ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਗੱਲੂਵਾਲ ’ਚ ਡਿੱਗੀ ਖੇਪ ਦੇ ਸਮੱਗਲਰਾਂ ਦਾ ਵੀ ਸੁਰਾਗ ਨਹੀਂ

8 ਮਾਰਚ ਦੇ ਦਿਨ ਵੀ ਪਾਕਿਸਤਾਨੀ ਡਰੋਨ ਡੇਢ ਕਿਲੋਮੀਟਰ ਭਾਰਤੀ ਸਰਹੱਦ ਦੇ ਅੰਦਰ ਖੇਪ ਸੁੱਟ ਕੇ ਪਰਤ ਗਿਆ। ਸਰਹੱਦੀ ਪਿੰਡ ਮੁਹਾਵਾ ਤੋਂ ਗੱਲੂਵਾਲ ਵੱਲ ਜਾਂਦੇ ਰਸਤੇ ’ਤੇ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਅੱਗੇ ਗੱਲੂਵਾਲ ਵੱਲ ਹੈਰੋਇਨ ਸੁੱਟੀ ਗਈ ਸੀ ਜਿਸ ਦੀ ਆਵਾਜ਼ ਕਾਫੀ ਦੂਰ ਤੱਕ ਸੁਣਾਈ ਦਿੱਤੀ ਅਤੇ ਇਸ ਖੇਪ ਨੂੰ ਰਿਸੀਵ ਕਰਨ ਲਈ ਕਈ ਸਮੱਗਲਰ ਮੌਕੇ ’ਤੇ ਪਹੁੰਚੇ ਕਿਉਂਕਿ ਜਿਸ ਇਲਾਕੇ ’ਚ ਖੇਪ ਡਿੱਗੀ ਉਸ ਇਲਾਕੇ ’ਚ ਸਮੱਗਲਰਾਂ ਵੱਲੋਂ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਗਿਆ ਪਰ ਉਨ੍ਹਾਂ ਨੂੰ ਖੇਪ ਨਹੀਂ ਮਿਲ ਸਕੀ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਸਮੱਗਲਰਾਂ ਵੱਲੋਂ ਹੈਰੋਇਨ ਦੇ ਇਕ ਤੋਂ ਵੱਧ ਪੈਕੇਟ ਸੁੱਟੇ ਗਏ ਪਰ ਇਕ ਪੈਕੇਟ ਸਮੱਗਲਰਾਂ ਦੇ ਹੱਥ ਨਹੀਂ ਲੱਗ ਸਕਿਆ ਪਰ ਹੁਣ ਤੱਕ ਗੱਲੂਵਾਲ ’ਚ ਖੇਪ ਮੰਗਵਾਉਣ ਵਾਲੇ ਸਮੱਗਲਰਾਂ ਦਾ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

ਇਹ ਵੀ ਪੜ੍ਹੋ : ਪਿਓ ਤੇ ਭਰਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਈ ਤਾਂ ਕਰ ਦਿੱਤਾ ਕਤਲ

ਐੱਨ.ਸੀ.ਬੀ. ਨੂੰ ਦਿੱਤੇ ਤਿੰਨ ਕੇਸਾਂ ’ਚ ਵੀ ਖਾਸ ਸਫਲਤਾ ਨਹੀਂ

ਪਿਛਲੇ ਕੁਝ ਮਹੀਨਿਆਂ ਦੌਰਾਨ ਤਿੰਨ ਵੱਖ-ਵੱਖ ਕੇਸਾਂ ’ਚ ਹੈਰੋਇਨ ਦੀ ਖੇਪ ਚੁੱਕਣ ਆਏ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਐੱਨ. ਸੀ. ਬੀ. ਨੂੰ ਇਨ੍ਹਾਂ ਕੇਸਾਂ ਦੀ ਜਾਂਚ ਸੌਂਪੀ ਗਈ ਪਰ ਇਨ੍ਹਾਂ ਕੇਸਾਂ ’ਚ ਵੀ ਕੁਝ ਖਾਸ ਸਫਲਤਾ ਹੱਥ ਨਹੀਂ ਲੱਗ ਸਕੀ। ਹਾਕੀ ਸਟੇਡੀਅਮ ਦੇ ਅੰਦਰ ਹੈਰੋਇਨ ਦੀ ਖੇਪ ਨੂੰ ਲੈਣ ਆਏ 2 ਸਮੱਗਲਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਜਾਂਚ 2 ਸਮੱਗਲਰਾਂ ਤੱਕ ਹੀ ਸੀਮਤ ਰਹਿ ਗਈ। ਸਮੱਗਲਰਾਂ ਵੱਲੋਂ ਸਾਜ਼ਿਸ਼ ਦੇ ਤਹਿਤ ਖੇਡ ਸਟੇਡੀਅਮ ’ਚ ਖੇਪ ਸੁੱਟਵਾਈ ਗਈ ਸੀ।

5 ਤੋਂ 7 ਕਿਲੋਮੀਟਰ ਤੱਕ ਅੰਦਰ ਆ ਰਹੇ ਡਰੋਨ

ਪਾਕਿਸਤਾਨ ਤੇ ਭਾਰਤੀ ਸਰਹੱਦ ’ਚ ਸਰਗਰਮ ਸਮੱਗਲਰ ਅਤਿ-ਆਧੁਨਿਕ ਤਕਨੀਕ ਵਾਲੇ ਡਰੋਨ ਦਾ ਇਸਤੇਮਾਲ ਕਰ ਰਹੇ ਹਨ ਅਤੇ ਸੂਤਰਾਂ ਅਨੁਸਾਰ ਇਹ ਡਰੋਨ ਭਾਰਤੀ ਸੀਮਾ ’ਚ 5 ਤੋਂ 7 ਕਿਲੋਮੀਟਰ ਤੱਕ ਅੰਦਰ ਆ ਰਹੇ ਹਨ ਜਿਸ ਨੂੰ ਰੋਕ ਪਾਉਣਾ ਬੀ.ਐੱਸ.ਐੱਫ. ਲਈ ਲੱਗਭਗ ਅਸੰਭਵ ਜਿਹਾ ਹੈ। ਇਕ ਮਾਮਲੇ ’ਚ ਤਾਂ ਚੀਚਾ ਭਕਨਾਂ ਪਿੰਡ ਤੱਕ ਡਰੋਨ ਪਹੁੰਚਣ ਦੀ ਚਰਚਾ ਹੈ ਜਦਕਿ ਇਹ ਪਿੰਡ ਬਾਰਡਰ ਫੈਂਸਿੰਗ ਦੇ 10 ਕਿਲੋਮੀਟਰ ਦੂਰੀ ’ਤੇ ਹੈ।

ਇਹ ਵੀ ਪੜ੍ਹੋ : ਦਾਜ ਦੀ ਮੰਗ ਤੇ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ

ਨਹੀਂ ਟੁੱਟ ਰਿਹਾ ਜੇਲ੍ਹਾਂ ਤੋਂ ਚੱਲ ਰਿਹਾ ਨੈੱਟਵਰਕ

ਹਾਲ ਹੀ ’ਚ ਸਿਟੀ ਪੁਲਸ ਵੱਲੋਂ ਪੁਲਸ ਥਾਣਾ ਘਰਿੰਡਾ ਦੇ ਅਧਿਕਾਰ ਖੇਤਰ ’ਚ ਰਹਿਣ ਵਾਲੇ 5 ਸਮੱਗਲਰਾਂ ਗਗਨਦੀਪ, ਹਰਮਨਦੀਪ, ਚਰਨਜੀਤ, ਜਰਮਨਪ੍ਰੀਤ ਤੇ ਲਵਨੀਤ ਨੂੰ ਤਿੰਨ ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਜਿਸ ਵਿਚ ਖੁਲਾਸਾ ਹੋਇਆ ਕਿ ਸਮੱਗਲਰ ਗੋਇੰਦਵਾਲ ਜੇਲ ’ਚ ਬੰਦ ਇਕ ਕੈਦੀ ਦੇ ਸੰਪਰਕ ’ਚ ਸਨ ਅਤੇ ਜੇਲ ’ਚ ਬੰਦ ਕੈਦੀ ਪਾਕਿਸਤਾਨੀ ਸਮੱਗਲਰ ਕਾਲਾ ਤੇ ਰਾਣਾ ਦੇ ਸੰਪਰਕ ’ਚ ਸੀ। ਜੇਲਾਂ ’ਚੋਂ ਜਿਸ ਤਰ੍ਹਾਂ ਆਏ ਦਿਨ ਕੈਦੀਆਂ ਕੋਲੋਂ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਮਿਲ ਰਿਹਾ ਹੈ ਉਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਲਾਂ ਅੰਦਰੋਂ ਹੀ ਨੈੱਟਵਰਕ ਚੱਲ ਰਿਹਾ ਹੈ ਅਤੇ ਜੇਲਾਂ ’ਚ ਬੈਠੇ ਪੁਰਾਣੇ ਸਮੱਗਲਰ ਅੰਦਰੋਂ ਹੀ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹਨ। ਜੇਲਾਂ ਤੋਂ ਚੱਲ ਰਹੇ ਇਸ ਨੈੱਟਵਰਕ ਨੂੰ ਤੋੜ ਪਾਉਣਾ ਵੀ ਸੁਰੱਖਿਆ ਏਜੰਸੀਆਂ ਲਈ ਆਸਾਨ ਨਹੀਂ ਹੈ ਜਦਕਿ ਜੇਲਾਂ ’ਚ ਜੈਮਰ ਲਗਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News