ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਸਰਗਰਮ, ਲਏ ਸੈਂਪਲ
Saturday, Apr 06, 2024 - 04:29 PM (IST)
ਸੰਦੌੜ (ਜ਼ਹੂਰ) : ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੇ ਹੁਕਮਾਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐੱਸ. ਭਿੰਡਰ ਅਤੇ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਮਾਣਕੀ ਵਿਖੇ ਨੈਸ਼ਨਲ ਵੈਕਟਰ ਬੌਰਨ ਡਿਜੀਜ ਕੰਟਰੋਲ ਪ੍ਰੋਗਰਾਮ ਅਧੀਨ ਮਲੇਰੀਆ ਦੀ ਰੋਕਥਾਮ ਲਈ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਪਿੰਡ ’ਚ ਬਾਹਰਲੇ ਰਾਜਾਂ ਤੋਂ ਆਉਣ ਵਾਲੀ ਅਬਾਦੀ ਦੇ ਮਲੇਰੀਆ ਜਾਂਚ ਲਈ ਸੈਂਪਲ ਲਏ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਬਹੁਮੰਤਵੀ ਸਿਹਤ ਕਾਮੇ ਰਾਜੇਸ਼ ਰਿਖੀ ਨੇ ਦੱਸਿਆ ਕਿ ਭਾਵੇਂ ਜ਼ਿਲ੍ਹੇ ’ਚ ਮਲੇਰੀਆ ਦਾ ਕੋਈ ਕੇਸ ਨਹੀਂ ਹੈ ਪਰ ਬਾਹਰਲੇ ਰਾਜਾਂ ਤੋਂ ਇੱਥੇ ਆਉਣ ਵਾਲੇ ਲੋਕਾਂ ਦੀ ਜਾਂਚ ਜ਼ਰੂਰੀ ਹੈ ਤਾਂ ਜੋ ਮਲੇਰੀਆ ਦੀ ਆਮਦ ’ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕੇ ਮਲੇਰੀਆ ਨਾਲ ਮਲੇਰੀਆ ਨਾਲ ਡੇਂਗੂ ਤੋਂ ਵੀ ਬਚਾਅ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਇਕ ‘ਏਡੀਜ ਅਜਿਪਟੀ’ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਹਮੇਸ਼ਾ ਸਾਫ ਪਾਣੀ ’ਚ ਪਨਪਦਾ ਹੈ।
ਇਹ ਮੱਛਰ ਕੂਲਰ ਦੇ ਪਾਣੀ, ਫਰਿੱਜ਼ ਪਿੱਛੇ ਲੱਗੀ ਟਰੇਅ, ਗਮਲਿਆਂ ਵਿਚਲੇ ਪਾਣੀ, ਛੱਤ ’ਤੇ ਪਏ ਕਬਾੜ, ਟਾਇਰਾਂ ਆਦਿ ’ਚ ਖੜ੍ਹੇ ਪਾਣੀ ’ਚ ਪੈਦਾ ਹੁੰਦਾ ਹੈ। ਸਾਨੂੰ ਇਕ ਹਫਤੇ ਤੋਂ ਪਹਿਲਾਂ-ਪਹਿਲਾਂ ਇਹ ਬਰਤਨਾਂ ਵਿਚਲਾ ਪਾਣੀ ਬਦਲ ਦੇਣਾ ਚਾਹੀਦਾ ਹੈ। ਬਰਤਨਾਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਫਿਰ ਪਾਣੀ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਮੱਛਰ ਤੋਂ ਬਚਾਅ ਲਈ ਪੂਰੇ ਸਰੀਰ ਨੂੰ ਢੱਕ ਕਿ ਰੱਖਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਜੇਕਰ ਬੁਖ਼ਾਰ, ਥਕਾਵਟ, ਕਮਜ਼ੋਰੀ, ਮਾਸਪੇਸ਼ੀਆਂ ’ਚ ਜ਼ੋਰਦਾਰ ਦਰਦ ਅਤੇ ਅੱਖਾਂ ਪਿੱਛੇ ਜ਼ਿਆਦਾ ਦਰਦ ਹੋਵੇ ਤਾਂ ਇਹ ਡੇਂਗੂ, ਮਲੇਰੀਆ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ। ਅਜਿਹੇ ਮੌਕੇ ਸਿਹਤ ਕੇਂਦਰ ਜਾ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।