ਦੇਵੀ-ਦੇਵਤਿਆਂ ਅਤੇ ਮਹਾਨ ਆਗੂਆਂ ਦੀਆਂ ਮੂਰਤੀਆਂ ਤੋੜਨ ਦਾ ਗ਼ਲਤ ਰੁਝਾਨ
Friday, Mar 29, 2024 - 05:09 AM (IST)
ਏਕਤਾ ਅਤੇ ਭਾਈਚਾਰਾ ਕਿਸੇ ਵੀ ਦੇਸ਼ ਦੀ ਤਰੱਕੀ ਲਈ ਪਹਿਲੀ ਸ਼ਰਤ ਹੈ ਪਰ ਅੱਜ ਕੁਝ ਸਮਾਜ ਵਿਰੋਧੀ ਤੱਤ ਤਰ੍ਹਾਂ-ਤਰ੍ਹਾਂ ਦੇ ਗਲਤ ਕੰਮਾਂ ਨਾਲ ਦੇਸ਼ ਦੀ ਏਕਤਾ ਅਤੇ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਅਪਰਾਧ ਕਰ ਰਹੇ ਹਨ।
ਇਨ੍ਹਾਂ ਵਿਚੋਂ ਇਕ ਹੈ ਵੱਖ-ਵੱਖ ਧਰਮਾਂ ਨਾਲ ਜੁੜੀਆਂ ਮਹਾਨ ਹਸਤੀਆਂ ਅਤੇ ਸਤਿਕਾਰਤ ਸਿਆਸੀ ਆਗੂਆਂ ਦੀਆਂ ਮੂਰਤੀਆਂ ਦੀ ਭੰਨਤੋੜ ਕਰ ਕੇ ਉਨ੍ਹਾਂ ਦਾ ਨਿਰਾਦਰ ਕਰਨਾ। ਇਸ ਦੀਆਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ:
* 8 ਜਨਵਰੀ, 2024 ਨੂੰ ਰਾਂਚੀ (ਝਾਰਖੰਡ) ਦੇ ‘ਬਰਿਆਤੂ' ਸਥਿਤ 'ਸ਼੍ਰੀ ਰਾਮ ਜਾਨਕੀ ਮੰਦਰ' 'ਚ ਸਥਾਪਿਤ ਮੂਰਤੀਆਂ ਨੂੰ ਤੋੜ ਕੇ ਅਤੇ ਉਥੇ ਰੱਖੀ ਪੂਜਾ ਸਮੱਗਰੀ ਚੋਰੀ ਹੋਣ 'ਤੇ ਭਾਰੀ ਗੁੱਸਾ ਪੈਦਾ ਹੋ ਗਿਆ।
*23 ਜਨਵਰੀ ਨੂੰ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਦੇ ਸ਼ਾਹਪੁਰ ਥਾਣੇ ਦੇ 'ਦਿਨਕਰਪੁਰ ਪਿੰਡ 'ਚ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਭਗਵਾਨ ਸ੍ਰੀ ਰਾਮ ਦੀ ਮੂਰਤੀ ਦੀ ਭੰਨਤੋੜ ਕੀਤੀ, ਜਿਸ ਨੂੰ ਦੇਖ ਕੇ ਲੋਕਾਂ 'ਚ ਭਾਰੀ ਗੁੱਸਾ ਫੈਲ ਗਿਆ।
* 24 ਜਨਵਰੀ ਨੂੰ ਕਲਬੁਰਗੀ ਸ਼ਹਿਰ (ਕਰਨਾਟਕ) ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਭੰਨਤੋੜ ਕੀਤੀ।
* 25 ਜਨਵਰੀ ਨੂੰ ਉਜੈਨ (ਮੱਧ ਪ੍ਰਦੇਸ਼) ਦੇ 'ਮਕੜੋਨ' 'ਚ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਨੂੰ ਟਰੈਕਟਰ ਨਾਲ ਢਾਹੇ ਜਾਣ ਦੇ ਖਿਲਾਫ ਲੋਕਾਂ 'ਚ ਗੁੱਸਾ ਫੈਲ ਗਿਆ ਅਤੇ ਗੁੱਸੇ 'ਚ ਆਈ ਭੀੜ ਨੇ ਪਥਰਾਅ ਕਰ ਕੇ ਆਪਣਾ ਗੁੱਸਾ ਜ਼ਾਹਰ ਕੀਤਾ।
* 31 ਜਨਵਰੀ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਕਰਨ ਕਾਰਨ ਇਲਾਕੇ ਵਿਚ ਤਣਾਅ ਪੈਦਾ ਹੋ ਗਿਆ।
* 24 ਫਰਵਰੀ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਨੇੜੇ ਸਥਿਤ ਪਿੰਡ ਪਨਿਹਾਰ 'ਚ ਸਥਿਤ ਮੰਦਰ 'ਚ ਸਥਾਪਿਤ 'ਸ਼੍ਰੀ ਰਾਧਾ ਕ੍ਰਿਸ਼ਨ ਭਗਵਾਨ' ਦੀ ਮੂਰਤੀ ਦੀ ਬੇਅਦਬੀ ਕਾਰਨ ਤਣਾਅ ਫੈਲ ਗਿਆ ਅਤੇ ਸਥਿਤੀ ਨੂੰ ਸੰਭਾਲਣ ਲਈ ਪੁਲਸ ਨੂੰ
ਤਾਇਨਾਤ ਕਰਨਾ ਪਿਆ।
* 26 ਮਾਰਚ ਨੂੰ ਜੌਨਪੁਰ (ਉੱਤਰ ਪ੍ਰਦੇਸ਼) ਦੇ ਪਿੰਡ 'ਸਰੋਖਾਨਪੁਰ' ਵਿਚ ਭਾਜਪਾ ਆਗੂ ਪੰਡਿਤ ਦੀਨਦਿਆਲ ਉਪਾਧਿਆਏ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ।
* 27 ਮਾਰਚ ਨੂੰ ਰਾਜਗੜ੍ਹ (ਮੱਧ ਪ੍ਰਦੇਸ਼) ਦੇ 'ਖਿਲਚੀਪੁਰ' ਕਸਬੇ 'ਚ ਸਰਕਾਰੀ ਕਾਲਜ ਦੇ ਵਿਹੜੇ 'ਚ ਸਥਾਪਿਤ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਨੁਕਸਾਨ ਪਹੁੰਚਾਇਆ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਅਜਿਹੇ ਆਚਰਣ ਨਾਲ ਸਮਾਜ ਵਿਚ ਕੁੜੱਤਣ ਪੈਦਾ ਕਰਨਾ ਦੇਸ਼ਧ੍ਰੋਹ ਤੋਂ ਘੱਟ ਨਹੀਂ ਹੈ। ਇਸ ਲਈ ਅਜਿਹੇ ਕਾਰਿਆਂ ਵਿਚ ਸ਼ਾਮਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਲੋੜ ਹੈ ਤਾਂ ਜੋ ਇਸ ਬੁਰਾਈ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਦੇਸ਼ ਦਾ ਮਾਹੌਲ ਖ਼ਰਾਬ ਨਾ ਹੋਵੇ।
-ਵਿਜੇ ਕੁਮਾਰ