ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਮਾਰਕੀਟ ''ਚ ਹੋਏ ਝਗੜੇ ਦੇ ਮਾਮਲੇ ਵਿਚ ਪੁਲਸ ਦੀ ਵੱਡੀ ਕਾਰਵਾਈ

Thursday, Apr 11, 2024 - 05:27 PM (IST)

ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਮਾਰਕੀਟ ''ਚ ਹੋਏ ਝਗੜੇ ਦੇ ਮਾਮਲੇ ਵਿਚ ਪੁਲਸ ਦੀ ਵੱਡੀ ਕਾਰਵਾਈ

ਪਟਿਆਲਾ (ਬਲਜਿੰਦਰ) : ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਮਾਰਕੀਟ ਵਿਚ ਹੋਏ ਝਗੜੇ ਦੇ ਮਾਮਲੇ ਵਿਚ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਚਾਰ ਵਿਅਕਤੀਆਂ ਖ਼ਿਲਾਫ ਇਰਾਦਾ ਕਤਲ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਜਿਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਉਨ੍ਹਾਂ ਵਿਚ ਅਜੀਤਪਾਲ ਸਿੰਘ ਪੁੱਤਰ ਵਰਿੰਦਰ ਸਿਘ ਅਤੇ ਵਰਿੰਦਰ ਸਿਘ ਵਾਸੀ ਕੁਆਟਰ ਨੰ:7 ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਅਤੇ 2 ਅਣਪਛਾਤੇ ਵਿਅਕਤੀ ਸ਼ਾਮਲ ਹਨ। ਇਸ ਮਾਮਲੇ ਵਿਚ ਗੁਰਦੀਪ ਸਿੰਘ ਪੁੱਤਰ ਜਗਤ ਸਿੰਘ ਵਾਸੀ ਪਿੰਡ ਪੰਜੌਲੀ ਥਾਣਾ ਮੁਲੇਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਆਪਣੀ ਪਤਨੀ ਅਤੇ ਲੜਕੇ ਸਮੇਤ ਆਪਣੇ ਸਾਲੇ ਪਾਰਸ ਦੀ ਦੁਕਾਨ ’ਤੇ ਗਿਆ ਸੀ।

ਇਸ ਦੌਰਾਨ ਉਥੇ ਅਜੀਤਪਾਲ ਸਿੰਘ ਨੇ ਆਪਣੇ ਪਿਤਾ ਦੀ ਸ਼ਹਿ ’ਤੇ ਦੋ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਦੁਕਾਨ ਦੀ ਭੰਨ ਤੋੜ ਕੀਤੀ ਅਤੇ ਜਾਨੋ ਮਾਰਨ ਦੇ ਇਰਾਦੇ ਨਾਲ ਗੱਡੀ ਚੜ੍ਹਾ ਦਿੱਤੀ। ਜਿੱਥੇ ਉਸ ਦੀ ਪਤਨੀ ਅਤੇ ਬੱਚੇ ਨੇ ਦੁਕਾਨ ਵਿਚ ਵੜ ਕੇ ਜਾਨ ਬਚਾਈ ਅਤੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਿਆ। ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਖ਼ਿਲਾਫ 307, 323, 34 ਅਤੇ 506 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News