ਭਾਰਤ ਨੇ ਨੇਪਾਲ ’ਚ ਸਿਹਤ ਅਤੇ ਸਿੱਖਿਆ ਸੰਸਥਾਵਾਂ ਨੂੰ ਤੋਹਫੇ ’ਚ ਦਿੱਤੀਆਂ 35 ਐਂਬੂਲੈਂਸਾਂ ਅਤੇ 66 ਸਕੂਲੀ ਬੱਸਾਂ
Monday, Apr 15, 2024 - 10:36 AM (IST)
ਕਾਠਮੰਡੂ (ਏਜੰਸੀ) - ਕਾਠਮੰਡੂ ਵਿਚ ਸਥਿਤ ਭਾਰਤੀ ਦੂਤਘਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੇ ਨੇਪਾਲ ਦੇ ਵੱਖ-ਵੱਖ ਜ਼ਿਲਿਆਂ ਵਿਚ ਫੈਲੇ ਵੱਖ-ਵੱਖ ਸੰਗਠਨਾਂ ਨੂੰ 35 ਐਂਬੂਲੈਂਸਾਂ ਅਤੇ 66 ਸਕੂਲ ਬੱਸਾਂ ਤੋਹਫੇ ਵਿਚ ਦਿੱਤੀਆਂ। ਨੇਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਨੇਪਾਲ ਦੇ ਵਿੱਤ ਮੰਤਰੀ ਵਰਸ਼ਾ ਮਾਨ ਪੁਨ ਦੀ ਹਾਜ਼ਰੀ ’ਚ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ।
ਕਾਠਮੰਡੂ ਵਿਚ ਭਾਰਤੀ ਦੂਤਘਰ ਨੇ ਕਿਹਾ ਕਿ ਤੋਹਫੇ ਵਜੋਂ ਦਿੱਤੀਆਂ ਗਈਆਂ ਕੁੱਲ 101 ਗੱਡੀਆਂ ’ਚੋਂ 2 ਐਂਬੂਲੈਂਸਾਂ ਭੂਚਾਲ ਪ੍ਰਭਾਵਿਤ ਜਾਜਰਕੋਟ ਅਤੇ ਪੱਛਮੀ ਰੁਕਮ ਜ਼ਿਲਿਆਂ ਵਿਚ ਭਾਰਤੀ ਦੂਤਘਰ ਦੇ ਨੁਮਾਇੰਦੇ ਵੱਲੋਂ ਜ਼ਿਲਾ ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਦੀ ਮੌਜੂਦਗੀ ’ਚ ਸੌਂਪੀਆਂ ਗਈਆਂ। ਭਾਰਤੀ ਦੂਤਘਰ ਨੇ ਕਿਹਾ ਕਿ 1994 ਦੇ ਬਾਅਦ ਤੋਂ ਭਾਰਤ ਸਰਕਾਰ ਨੇ ਪੂਰੇ ਨੇਪਾਲ ’ਚ 1009 ਐਂਬੂਲੈਂਸਾਂ ਅਤੇ 300 ਸਕੂਲੀ ਬੱਸਾਂ ਤੋਹਫੇ ਵਿਚ ਦਿੱਤੀਆਂ, ਜਿਨ੍ਹਾਂ ’ਚ ਅੱਜ ਤੋਹਫ਼ੇ ਵਿੱਚ ਦਿੱਤੀਆਂ ਗਈਆਂ ਬੱਸਾਂ ਵੀ ਸ਼ਾਮਲ ਹਨ।