ਹਸਪਤਾਲ ਜਾ ਰਹੇ ਬਜ਼ੁਰਗ ਦੀ ਜੇਬ ’ਚੋਂ 18 ਹਜ਼ਾਰ ਰੁਪਏ ਦੀ ਚੋਰੀ
Tuesday, May 19, 2026 - 03:37 PM (IST)
ਲੁਧਿਆਣਾ (ਰਾਜ)- ਆਟੋ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਇਕ ਸ਼ਾਤਰ ਆਟੋ ਗੈਂਗ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਥਾਣਾ ਡਵੀਜ਼ਨ ਨੰ.8 ਦੀ ਪੁਲਸ ਨੇ ਮੁਸਤੈਦੀ ਦਿਖਾਉਂਦੇ ਦੋ ਅਜਿਹੇ ਸ਼ਾਤਰ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਟੋ ਵਿਚ ਭੋਲੀਆਂ ਭਾਲੀਆਂ ਸਵਾਰੀਆਂ ਨੂੰ ਬਿਠਾ ਕੇ ਬੜੀ ਸਫਾਈ ਨਾਲ ਉਨ੍ਹਾਂ ਦੀ ਜੇਰ ਸਾਫ ਕਰ ਦਿੰਦੇ ਸਨ।
ਪੁਲਸ ਨੇ ਮੁਲਜ਼ਮਾਂ ਨੂੰ ਦਬੋਚਣ ਦੇ ਨਾਂਲ ਹੀ ਵਾਰਦਾਤ ਵਿਚ ਵਰਤਿਆ ਜਾਣ ਵਾਲਾ ਆਟੋ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਹ ਪੂਰੀ ਵਾਰਦਾਤ ਖੰਨਾ ਦੇ ਉੱਤਮ ਨਗਰ ਨਿਵਾਸੀ ਪ੍ਰੇਮ ਚੰਦ ਦੇ ਨਾਲ ਵਾਪਰੀ। ਪੀੜਤ ਪ੍ਰੇਮ ਚੰਦ ਨੇ ਪੁਲਸ ਨੂੰ ਆਪ ਬੀਤੀ ਸੁਣਾਉਂਦੇ ਦੱਸਿਆ ਕਿ ਬੀਤੀ 14 ਮਈ ਨੂੰ ਉਹ ਆਪਣੀ ਪਤਨੀ ਦੇ ਨਾਲ ਇਲਾਜ ਲਈ ਲੁਧਿਆਣਾ ਆਏ ਸਨ।
ਉਹ ਬੱਸ ਅੱਡੇ ਤੋਂ ਇਕ ਆਟੋ ਵਿਚ ਸਵਾਰ ਹੋ ਕੇ ਡੀ.ਐੱਮ.ਸੀ. ਹਸਪਤਾਲ ਦੇ ਲਈ ਰਵਾਨਾ ਹੋਏ। ਸਫਰ ਦੌਰਾਨ ਆਟੋ ਵਿਚ ਪਹਿਲਾਂ ਤੋਂ ਹੀ ਕੁਝ ਹੋਰ ਲੋਕ ਵੀ ਸਵਾਰ ਸਨ। ਜਦੋਂ ਆਟੋ ਹਸਪਤਾਲ ਦੇ ਕੋਲ ਪੁੱਜਾ ਅਤੇ ਪ੍ਰੇਮ ਚੰਦ ਉੱਤਰ ਕੇ ਚਾਲਕ ਨੂੰ ਕਿਰਾਇਆ ਦੇਣ ਲੱਗੇ ਤਾਂ ਜੇਬ ਵਿਚ ਹੱਥ ਪਾਉਂਦੇ ਹੀ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਉਨ੍ਹਾਂ ਦੀ ਜੇਬ ਵਿਚ ਰੱਖੇ ਕਰੀਬ 18000 ਰੁਪਏ ਦਾ ਕੈਸ਼ ਗਾਇਬ ਸੀ। ਪੀੜਤ ਨੂੰ ਤੁਰੰਤ ਸਮਝ ਆ ਗਿਆ ਕਿ ਆਟੋ ਵਿਚ ਸਵਾਰ ਸਹਿ ਯਾਤਰੀਆਂ ਨੇ ਭੀੜ ਦਾ ਫਾਇਦਾ ਉਠਾ ਕੇ ਉਨ੍ਹਾਂ ਦੀ ਜੇਬ ’ਤੇ ਹੱਥ ਸਾਫ ਕਰ ਦਿੱਤਾ ਹੈ। ਉਨ੍ਹਾਂ ਤੁਰੰਤ ਹਿਸ ਗੱਲ ਦਾ ਸ਼ੱਕ ਪੁਲਸ ਦੇ ਸਾਹਮਣੇ ਜਤਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਥਾਣਾ ਡਵੀਜ਼ਨ ਨ. 8 ਦੀ ਪੁਲਸ ਨੇ ਤੁਰੰਤ ਜਾਲੀ ਵਿਛਾਇਆ ਤੇ ਤਫਤੀਸ਼ ਸ਼ੁਰੂ ਕੀਤੀ।
ਪੁਲਸ ਨੇ ਪੁਖਤਾ ਸਬੂਤਾਂ ਦੇ ਆਧਾਰ ’ਤੇ ਗਿੱਲ ਕਾਲੋਨੀ ਦੇ ਮਨਦੀਪ ਸਿੰਘ ਤੇ ਪ੍ਰਤਾਪ ਨਗਰ ਦੇ ਹਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਜਦੋਂ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਵਾਰਦਾਤ ਵਿਚ ਵਰਤਿਆ ਜਾਣ ਵਾਲਾ ਆਟੋ ਵੀ ਜ਼ਬਤ ਕਰ ਲਿਆ ਹੈ। ਫੜੇ ਗਏ ਦੋਵੇਂ ਸ਼ਾਤਰ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
