ਸਿਵਲ ਹਸਪਤਾਲ 'ਚੋਂ ਬੱਚੀ ਚੋਰੀ ਕਰਨ ਦੀ ਕੋਸ਼ਿਸ਼! ਮਾਂ ਦੀ ਮੁਸਤੈਦੀ ਨੇ ਟਾਲ਼ੀ ਵਾਰਦਾਤ

Saturday, Jun 20, 2026 - 12:56 PM (IST)

ਸਿਵਲ ਹਸਪਤਾਲ 'ਚੋਂ ਬੱਚੀ ਚੋਰੀ ਕਰਨ ਦੀ ਕੋਸ਼ਿਸ਼! ਮਾਂ ਦੀ ਮੁਸਤੈਦੀ ਨੇ ਟਾਲ਼ੀ ਵਾਰਦਾਤ

ਲੁਧਿਆਣਾ (ਰਾਜ): ਸਿਵਲ ਹਸਪਤਾਲ ਲੁਧਿਆਣਾ ਦੇ ਅੰਦਰੋਂ ਡੇਢ ਸਾਲਾ ਮਾਸੂਮ ਬੱਚੀ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਨੀਮਤ ਇਹ ਰਹੀ ਕਿ ਬੱਚੀ ਦੀ ਮਾਂ ਹਸਪਤਾਲ ਵਿਚ ਮੌਜੂਦ ਹੋਰ ਲੋਕਾਂ ਦੀ ਮੁਸਤੈਦੀ ਸਦਕਾ ਮੁਲਜ਼ਮ ਮਹਿਲਾ ਦੀ ਇਹ ਘਿਨੌਣੀ ਕੋਸ਼ਿਸ਼ ਨਾਕਾਮ ਹੋ ਗਈ ਤੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਮੁਲਜ਼ਮ ਮਹਿਲਾ ਨੂੰ ਹਿਰਾਸਤ ਵਿਚ ਲੈ ਲਿਆ। 

ਸਿਵਲ ਹਸਪਤਾਲ ਵਿਚ ਆਪਣੇ ਬੱਚੇ ਦੇ ਇਲਾਜ ਲਈ ਆਈ ਪੀੜਤ ਮਹਿਲਾ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਸ ਦਾ ਪੁੱਤਰ ਬਿਮਾਰੀ ਕਾਰਨ ਹਸਪਤਾਲ ਦਾਖ਼ਲ ਹੈ। ਦੁਪਹਿਰ ਤਕਰੀਬਨ 1.30 ਵਜੇ ਉਹ ਵਾਰਡ ਦੇ ਬਾਹਰ ਡਾਕਟਰਾਂ ਨਾਲ ਆਪਣੇ ਪੁੱਤਰ ਦੀ ਸਿਹਤ ਤੇ ਇਲਾਜ ਸਬੰਧੀ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਉਸ ਦੀ 10 ਸਾਲਾ ਭਤੀਜੀ ਡੇਢ ਸਾਲ ਦੀ ਭਤੀਜੀ ਉਸ ਦੀ ਡੇਢ ਸਾਲ ਦੀ ਮਾਸੂਮ ਧੀ ਨੂੰ ਝੋਲੀ 'ਚ ਚੁੱਕ ਕੇ ਖੜ੍ਹੀ ਸੀ। ਪੀੜਤਾ ਮੁਤਾਬਕ, ਇਕ ਸ਼ੱਕੀ ਮਹਿਲਾ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਉਨ੍ਹਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖ ਰਹੀ ਸੀ। ਜਿਉਂ ਹੀ ਪੀੜਤਾ ਦਾ ਧਿਆਨ ਡਾਕਟਰਾਂ ਵੱਲ ਗਿਆ, ਉਕਤ ਮਹਿਲਾ ਨੇ ਉਸ ਦੀ ਭਤੀਜੀ ਕੋਲੋਂ ਬੱਚੀ ਨੂੰ ਜ਼ਬਰਦਸਤੀ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਪੀੜਤਾ ਨੇ ਇਹ ਵੇਖਿਆ ਤਾਂ ਉਸ ਨੇ ਮੁਲਜ਼ਮ ਮਹਿਲਾ ਨੂੰ ਧੱਕਾ ਮਾਰ ਕੇ ਪਰੇ ਕਰ ਦਿੱਤਾ। ਭੀੜ ਦਾ ਫ਼ਾਇਦਾ ਚੁੱਕ ਕੇ ਮੁਲਜ਼ਮ ਮਹਿਲਾ ਉੱਥੋਂ ਭੱਜ ਗਈ। 

ਹੈਰਾਨੀ ਦੀ ਗੱਲ ਇਹ ਰਹੀ ਕਿ ਮੁਲਜ਼ਮ ਮਹਿਲਾ ਦੀ ਹਿੰਮਤ ਇੰਨੀ ਵੱਧ ਚੁੱਕੀ ਸੀ ਕਿ ਉਹ ਉਸੇ ਰਾਤ ਕਿਸੇ ਹੋਰ ਬੱਚੇ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਹਸਪਤਾਲ ਪਹੁੰਚ ਗਈ। ਜਿਓਂ ਹੀ ਪੀੜਤ ਪਰਿਵਾਰ ਤੇ ਉੱਥੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਤੇ ਲੋਕਾਂ ਦੀ ਨਜ਼ਰ ਉਸ ਮਹਿਲਾ 'ਤੇ ਪਈ ਤਾਂ ਉੱਥੇ ਰੌਲ਼ਾ ਪੈ ਗਿਆ। ਸਾਰਿਆਂ ਨੇ ਇਕਜੁੱਟ ਹੋ ਕੇ ਮੁਲਜ਼ਮ ਮਹਿਲਾ ਨੂੰ ਚਾਰੋ ਪੈਸਿਓਂ ਘੇਰ ਲਿਆ ਉਸ ਨੂੰ ਭੱਜਣ ਦਾ ਮੌਕਾ ਦਿੱਤਾ ਬਗੈਰ ਕਾਬੂ ਕਰ ਲਿਆ।

ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਵੱਲੋਂ ਜਾਂਚ ਅਧਿਕਾਰੀ ਏ. ਐੱਸ. ਆਈ. ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਤੁਰੰਤ ਸਿਵਲ ਹਸਪਤਾਲ ਪਹੁੰਚੇ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਹਸਪਤਾਲ ਵਿਚੋਂ ਬੱਚਾ ਚੋਰੀ ਦੀ ਕੋਸ਼ਿਸ਼ ਅਤੇ ਲੋਕਾਂ ਵੱਲੋਂ ਇਕ ਸ਼ੱਕੀ ਮਹਿਲਾ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਇਸ ਦੇ ਅਧਾਰ 'ਤੇ ਉਕਤ ਮਹਿਲਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਿਲਾ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਬੱਚਾ ਚੋਰ ਗਿਰੋਹ ਦਾ ਹਿੱਸਾ ਹੈ ਜਾਂ ਇਕੱਲਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਰਹੀ ਸੀ। 
 


author

Anmol Tagra

Content Editor

Related News