ਆਟੋ ਗੈਂਗ ਨੇ ਬਜ਼ੁਰਗ ਮਹਿਲਾ ਨਾਲ ਕੀਤੀ ਲੁੱਟ-ਖੋਹ; ਲੋਕਾਂ ਨੇ ਫੜ ਕੇ ਕੀਤੀ ਛਿੱਤਰ ਪਰੇਡ
Saturday, Jun 20, 2026 - 03:01 PM (IST)
ਲੁਧਿਆਣਾ (ਰਾਜ/ਤਰੁਣ): ਮਹਾਨਗਰ ਵਿਚ ਆਟੋ ਗੈਂਗ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਜ਼ਿਆਦਾਤਰ ਵਾਰਦਾਤਾਂ ਸਮਰਾਲਾ ਚੌਂਕ, ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਬਸਤੀ ਜੋਧੇਵਾਲ ਇਲਾਕੇ ਵਿਚ ਵਾਪਰ ਰਹੀਆਂ ਹਨ। ਇਸੇ ਕੜੀ ਤਹਿਤ ਸਮਰਾਲਾ ਚੌਂਕ ਤੋਂ ਆਟੋ ਵਿਚ ਬੈਠੀ ਇਕ ਮਹਿਲਾ ਕੋਲੋਂ ਆਟੋ ਡਰਾਈਵਰ ਤੇ ਉਸ ਦੇ ਸਾਥੀ ਨੇ ਮਿਲ ਕੇ ਕੰਨਾਂ ਦੀਆਂ ਵਾਲੀਆਂ ਅਤੇ ਪਰਸ ਖੋਹ ਲਿਆ ਅਤੇ ਉਸ ਨੂੰ ਬਸਤੀ ਜੋਧੇਵਾਲ ਨੇੜੇ ਮੇਨ ਜੀ.ਟੀ. ਰੋਡ ''ਤੇ ਸੁੱਟ ਕੇ ਫ਼ਰਾਰ ਹੋ ਗਏ। ਜਿਨ੍ਹਾਂ ਨੂੰ ਲੋਕਾਂ ਨੇ ਕਾਬੂ ਕਰ ਕੇ ਥਾਣਾ ਦਰੇਸੀ ਦੀ ਪੁਲਸ ਹਵਾਲੇ ਕਰ ਦਿੱਤਾ।
ਪੀੜਤ ਬਜ਼ੁਰਗ ਮਹਿਲਾ ਸੰਤੋਸ਼ ਰਾਣੀ ਨਿਵਾਸੀ ਮੁਹੱਲਾ ਲਕਸ਼ਮੀ ਕਲੋਨੀ, ਨਿਊ ਕੈਲਾਸ਼ ਨਗਰ, ਨੇੜੇ ਬਸਤੀ ਜੋਧੇਵਾਲ ਨੇ ਦੱਸਿਆ ਕਿ ਬੀਤੇ ਦਿਨ ਉਹ ਸਮਰਾਲਾ ਚੌਕ ਤੋਂ ਘਰ ਜਾਣ ਲਈ ਇਕ ਆਟੋ ਵਿਚ ਬੈਠੀ ਸੀ। ਆਟੋ ਵਿਚ ਡਰਾਈਵਰ ਤੋਂ ਇਲਾਵਾ ਇਕ ਹੋਰ ਵਿਅਕਤੀ ਬੈਠਾ ਹੋਇਆ ਸੀ। ਜਦੋਂ ਉਹ ਜੀ.ਟੀ. ਰੋਡ ਦੇ ਨੇੜੇ ਪਹੁੰਚੀ ਤਾਂ ਡਰਾਈਵਰ ਤੇ ਆਟੋ ਵਿਚ ਬੈਠੇ ਦੂਜੇ ਵਿਅਕਤੀ ਨੇ ਮਿਲ ਕੇ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ।
ਮੁਲਜ਼ਮਾਂ ਨੇ ਉਸ ਕੋਲੋਂ ਪਰਸ ਵੀ ਖੋਹ ਲਿਆ ਤੇ ਉਸ ਨੂੰ ਸੜਕ ’ਤੇ ਸੁੱਟ ਕੇ ਫ਼ਰਾਰ ਹੋ ਗਏ। ਜਦੋਂ ਉਸ ਨੇ ਰੌਲਾ ਪਾਇਆ ਤਾਂ ਰਾਹਗੀਰਾਂ ਨੇ ਆਟੋ ਚਾਲਕ ਤੇ ਉਸਦੇ ਸਾਥੀ ਨੂੰ ਕਾਬੂ ਕਰ ਲਿਆ। ਲੋਕਾਂ ਨੇ ਮੁਲਜ਼ਮਾਂ ਦੀ ਛਿੱਤਰ ਪਰੇਡ ਕਰਕੇ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ , ਜਿਸ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਇਰਲ ਹੋਈ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਮੁਲਜ਼ਮਾਂ ਦੇ ਗ੍ਰਿਫ਼ਤਾਰ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ, ਜਦੋਂ ਉਨ੍ਹਾਂ ਨੂੰ ਵੀਡੀਓ ਵਾਇਰਲ ਹੋਣ ਤੇ ਲੋਕਾਂ ਵੱਲੋਂ ਮੁਲਜ਼ਮਾਂ ਨੂੰ ਕਾਬੂ ਕੀਤੇ ਜਾਣ ਦੀ ਗੱਲ ਕਹੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਪਰ ਦੋਵੇਂ ਮੁਲਜ਼ਮ ਸੀ.ਆਈ.ਏ. ਪੁਲਸ ਦੀ ਨਿਗਰਾਨੀ ਵਿੱਚ ਹਨ। ਦੂਜੇ ਪਾਸੇ ਸੂਤਰਾਂ ਅਨੁਸਾਰ ਸੀ.ਆਈ.ਏ. ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
