ਪੰਜਾਬ: 70 ਸਾਲਾ ਬਜ਼ੁਰਗ ਦਾ ਗੋਲ਼ੀ ਮਾਰ ਕੇ ਕਤਲ! ਪੂਰੇ ਪਿੰਡ ''ਚ ਪਈਆਂ ਭਾਜੜਾਂ
Wednesday, Jun 24, 2026 - 01:34 PM (IST)
ਲੁਧਿਆਣਾ (ਰਾਜ): ਥਾਣਾ ਡੇਹਲੋਂ ਦੇ ਅਧੀਨ ਪੈਂਦੇ ਪਿੰਡ ਟਿੱਬਾ ਵਿਚ ਮੰਗਲਵਾਰ ਦੇਰ ਸ਼ਾਮ ਜ਼ਮੀਨੀ ਰੰਜਿਸ਼ ਦੇ ਚਲਦਿਆਂ ਇਕ ਬੇਹੱਦ ਸਨਸਨੀਖੇਜ਼ ਤੇ ਖ਼ੂਨੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਸਕੇ ਭਰਾਵਾਂ ਵਿਚਾਲੇ ਚੱਲ ਰਹੇ ਜ਼ਮੀਨ ਦੇ ਝਗੜੇ ਵਿਚ ਸਮਝੌਤਾ ਕਰਵਾਉਣ ਗਏ ਇਕ 70 ਸਾਲਾ ਬਜ਼ੁਰਗ ਗੁਆਂਢੀ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇਸ ਦੌਰਾਨ ਤਿੰਨ ਤੋਂ ਚਾਰ ਰਾਊਂਡ ਫ਼ਾਇਰਿੰਗ ਹੋਈ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਛਿੰਦਰ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਦਿਆਂ ਹੀ ਥਾਣਾ ਡੇਹਲੋਂ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੁੱਖ ਮੁਲਜ਼ਮ ਗੋਪੀ ਪੰਡਤ ਸਮੇਤ ਤਿੰਨ ਲੋਕਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਪਿੰਡ ਟਿੱਬਾ ਵਿਚ ਦੋ ਭਰਾਵਾਂ ਜੀਵਨ ਸਿੰਘ ਤੇ ਮੇਹਰ ਸਿੰਘ ਵਿਚਾਲੇ ਕਾਫ਼ੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦੋਵੇਂ ਭਰਾ ਅਕਸਰ ਇਸ ਗੱਲ ਨੂੰ ਲੈ ਕੇ ਆਹਮੋ-ਸਾਹਮਣੇ ਹੋ ਜਾਂਦੇ ਸਨ ਤੇ ਇਕ-ਦੂਜੇ ਦੇ ਘਰ ਜਾ ਕੇ ਲੜਾਈ-ਝਗੜਾ ਰਦੇ ਸਨ। ਮੰਗਲਵਾਰ ਸ਼ਾਮ ਨੂੰ ਵੀ ਇਸੇ ਮਸਲੇ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਵਿਵਾਦ ਜ਼ਿਆਦਾ ਵੱਧ ਗਿਆ। ਗੁਆਂਢ ਵਿਚ ਰਹਿੰਦੇ ਬਜ਼ੁਰਗ ਛਿੰਦਰ ਸਿੰਘ ਨੇ ਸਿਆਣਪ ਦਿਖਾਉਂਦਿਆਂ ਦੋਹਾਂ ਭਰਾਵਾਂ ਦੇ ਘਰ ਜਾ ਕੇ ਮਾਮਲਾ ਸ਼ਾਂਤ ਕਰਵਾਉਣ ਤੇ ਆਪਸ ਵਿਚ ਬਹਿ ਕੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਨਿੱਤ ਦਾ ਕਲੇਸ਼ ਖ਼ਤਮ ਹੋ ਸਕੇ।
ਮੌਕੇ ਦੇ ਗਵਾਹਾਂ ਅਤੇ ਪੁਲਸ ਜਾਂਚ ਮੁਤਾਬਕ, ਛਿੰਦਰ ਸਿੰਘ ਦੋਹਾਂ ਧਿਰਾਂ ਨੂੰ ਸਮਝਾ ਰਹੇ ਸਨ ਤਾਂ ਦੋਹਾਂ ਭਰਾਵਾਂ ਤੇ ਉਨ੍ਹਾਂ ਦੇ ਸਾਥੀਆਂ ਵਿਚਾਲੇ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ। ਵੇਖਦੇ ਹੀ ਵੇਖਦੇ ਗੱਲ ਇੰਨੀ ਵਿਗੜ ਗਈ ਕਿ ਦੋਹਾਂ ਧਿਰਾਂ ਵਿਚ ਹੱਥੋਪਾਈ ਸ਼ੁਰੂ ਹੋ ਗਈ। ਇਸ ਦੌਰਾਨ ਜਦੋਂ ਛਿੰਦਰ ਸਿੰਘ ਨੇ ਦੋਹਾਂ ਧਿਰਾਂ ਨੂੰ ਵੱਖਰੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜੂਦ ਇਕ ਨੌਜਾਵਨ ਨੇ ਤੈਸ਼ ਵਿਚ ਆ ਕੇ ਨਾਜਾਇਜ਼ ਹਥਿਆਰ ਨਾਲ ਤਿੰਨ ਤੋਂ ਚਾਰ ਰਾਊਂਡ ਫ਼ਾਇਰ ਕਰ ਦਿੱਤੇ। ਇਸ ਦੌਰਾਨ ਇਕ ਗੋਲ਼ੀ ਸਿੱਧੇ ਬਜ਼ੁਰਗ ਛਿੰਦਰ ਸਿੰਘ ਦੇ ਲੱਗੀ ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲ਼ੀ ਦੀ ਆਵਾਜ਼ ਨਾਲ ਪੂਰੇ ਪਿੰਡ ਵਿਚ ਭਾਜੜਾਂ ਪੈ ਗਈਆਂ ਤੇ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਸ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਮਿਲਦਿਆਂ ਜਦੋਂ ਮੌਕੇ ਦਾ ਮੁਆਇਨਾ ਕੀਤਾ ਤਾਂ ਉੱਥੋਂ ਗੋਲ਼ੀਆਂ ਦੇ ਖੋਲ ਬਰਾਮਦ ਕੀਤੇ ਗਏ। ਮ੍ਰਿਤਕ ਛਿੰਦਰ ਸਿੰਘ ਦੇ ਪਰਿਵਾਰ ਤੇ ਮੌਕੇ ਦੇ ਗਵਾਹਾਂ ਦੇ ਬਿਆਨਾਂ ਦੇ ਅਧਾਰ 'ਤੇ ਮੁੱਖ ਮੁਲਜ਼ਮ ਗੋਪੀ ਪੰਡਤ ਤੇ ਉਸ ਦੇ ਦੋ ਹੋਰ ਸਾਥੀਆਂ ਦੇ ਖ਼ਿਲਾਫ਼ ਕਤਲ ਤੇ ਆਰਮਜ਼ ਐਕਟ ਦੀਆਂ ਸੰਗੀਨ ਧਾਰਵਾਂ ਤਹਿਤ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਪੁਲਸ ਦੀ ਸੀ. ਆਈ. ਏ. ਤੇ ਸਥਾਨਕ ਟੀਮਾਂ ਮੁਲਜ਼ਮਾਂ ਦੇ ਸਾਰੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।
Related News
ਪੰਜਾਬ 'ਚ 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪਿਆ ਵੱਡਾ ਪੰਗਾ, ਭਰਨੇ ਪੈਣਗੇ ਮੋਟੇ-ਮੋਟੇ ਬਿੱਲ! ਲੱਖਾਂ ਖ਼ਪਤਕਾਰ ਹੁਣ
