ਚੋਰਾਂ ਨੇ ਮੰਦਰ ’ਚੋਂ ਚਾਂਦੀ ਦੀ ਮੂਰਤੀ, ਨਕਦੀ ਤੇ ਭਾਂਡੇ ਕੀਤੇ ਚੋਰੀ
Friday, Jun 19, 2026 - 05:54 PM (IST)
ਲੁਧਿਆਣਾ (ਅਨਿਲ)- ਥਾਣਾ ਪੀ.ਏ.ਯੂ. ਦੀ ਪੁਲਸ ਨੇ ਜੈਨ ਮੰਦਰ ’ਚ ਚੋਰੀ ਕਰਨ ਵਾਲੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸ਼ਿਕਾਇਤਕਰਤਾ ਸੁਧੀਰ ਜੈਨ ਪੁੱਤਰ ਪ੍ਰਦੁਮਨ ਕੁਮਾਰ ਜੈਨ ਵਾਸੀ ਨਿਊ ਸੂਰਿਆ ਵਿਹਾਰ, ਪੰਜ ਪੀਰ ਰੋਡ ਨੇ ਸ਼ਿਕਾਇਤ ਦਰਜ ਕਰਵਾਉਂਦੇ ਦੱਸਿਆ ਕਿ 13 ਜੂਨ ਦੀ ਰਾਤ ਨੂੰ ਮੰਦਰ ਦੇ ਅੰਦਰ ਦੋ ਅਣਪਛਾਤੇ ਚੋਰ ਦਾਖ਼ਲ ਹੋਏ।
ਇਸ ਤੋਂ ਬਾਅਦ ਚੋਰਾਂ ਨੇ ਮੰਦਰ ਦੇ ਅੰਦਰ ਪਈ ਸ਼ਾਂਤੀਨਾਥ ਭਗਵਾਨ ਦੀ ਚਾਂਦੀ ਦੀ ਮੂਰਤੀ, ਪੂਜਾ ਦੇ ਸਾਮਾਨ ਲਈ ਰੱਖੀਆਂ ਗਈਆਂ 20 ਪਲੇਟਾਂ, 20 ਕੋਲੀਆਂ, 4 ਵੱਡੇ ਕਟੋਰੇ ਤੇ ਗੋਲਕ ’ਚ ਪਈ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਇੰਨਾ ਹੀ ਨਹੀਂ, ਮੰਦਰ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਚੋਰਾਂ ਦੀ ਪਛਾਣ ਨਾ ਹੋ ਸਕੇ, ਜਿਸ ਕਾਰਨ ਚੋਰੀ ਕਰਨ ਤੋਂ ਬਾਅਦ ਚੋਰਾਂ ਵੱਲੋਂ ਮੰਦਰ ਦੇ ਅੰਦਰ ਲੱਗੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਨੂੰ ਵੀ ਪੱਟ ਕੇ ਨਾਲ ਲੈ ਗਏ।
ਇਸ ਤੋਂ ਬਾਅਦ ਅਗਲੇ ਦਿਨ ਜਦੋਂ ਸਵੇਰੇ ਮੰਦਰ ’ਚ ਲੋਕ ਪਹੁੰਚੇ ਤਾਂ ਦੇਖਿਆ ਕਿ ਅੰਦਰ ਸਾਰਾ ਸਾਮਾਨ ਗਾਇਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਉਕਤ ਮਾਮਲੇ ’ਤੇ ਗੰਭੀਰਤਾ ਨਾਲ ਜਾਂਚ ਕਰਦੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਚੋਰੀ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਲਈ ਮੰਦਰ ਦੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦਾ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।
